ਕਿਰਪਾਲ ਸਿੰਘ ਰੰਧਾਵਾ/ਗੁਰਪ੍ਰਰੀਤ ਧੁੰਨਾ, ਹਰੀਕੇ ਪੱਤਣ/ਸਭਰਾ : ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਦੇ ਹਰੀਕੇ ਹੈੱਡ ਵਰਕਸ 'ਚ ਪਹੁੰਚਣ ਨਾਲ ਹਥਾੜ ਖੇਤਰ ਨੂੰ ਵੱਡੇ ਪੱਧਰ 'ਤੇ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ ਹੈ। ਕਿਸਾਨਾਂ ਦੇ ਜਾਨਵਰ ਅਤੇ ਖੇਤੀਬਾੜੀ ਦੇ ਅੌਜਾਰ ਸੰਦ ਪਾਣੀ 'ਚ ਡੁੱਬ ਗਏ। ਦਰਿਆ ਦੇ ਵੱਡੇ ਪੱਧਰ 'ਤੇ ਆਫ਼ਰੇ ਹੋਣ ਕਾਰਨ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ।

ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਮੌਕੇ 'ਤੇ ਪਹੁੰਚੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ। ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਵੀ ਮੌਕੇ 'ਤੇ ਜਾ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਸਥਿਤੀ ਦੀ ਜਾਣਕਾਰੀ ਲਈ।

ਪ੍ਰਸ਼ਾਸਨ ਵੱਲੋਂ ਹੜ੍ਹ ਨਾਲ ਨਜਿੱਠਣ ਲਈ ਲਗਾਤਾਰ ਕਿਹਾ ਜਾ ਰਿਹਾ ਹੈ ਪ੍ਰੰਤੂ ਜ਼ਮੀਨੀ ਪੱਧਰ 'ਤੇ ਕਈ ਤਰੁੱਟੀਆਂ ਸਾਹਮਣੇ ਆ ਰਹੀਆਂ ਹਨ। ਹਰੀਕੇ ਸ਼ਹਿਰ ਵਿਖੇ ਖੋਲ੍ਹੇ ਗਏ ਰਾਹਤ ਕੇਂਦਰ ਵਿਚ ਅਜੇ ਤਕ ਨਾ ਦਵਾਈਆਂ ਦਾ ਇੰਤਜ਼ਾਮ ਹੋਇਆ ਤੇ ਨਾ ਹੀ ਭੋਜਨ ਦਾ ਅਗਾਊਂਂ ਪ੍ਰਬੰਧ ਵੇਖਣ ਨੂੰ ਮਿਲਿਆ। ਜਿਹੜੇ ਮੁਲਾਜ਼ਮਾਂ ਦੀ ਮੌਕੇ 'ਤੇ ਡਿਊਟੀ ਲਾਈ ਗਈ ਸੀ, ਉਹ ਉੱਚ ਅਧਿਕਾਰੀਆਂ ਦੇ ਜਾਣ ਮਗਰੋਂ ਰਾਹਤ ਕੇਂਦਰ 'ਚੋਂ ਚਲੇ ਗਏ।

ਇਸ ਮੌਕੇ ਜਾਇਜ਼ਾ ਲੈਣ ਆਏ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਥਿਤੀ 'ਤੇ ਨਜ਼ਰ ਬਣਾ ਕੇ ਰੱਖੀ ਹੋਈ ਹੈ। ਮੁਸ਼ਕਿਲ ਹਲਾਤਾਂ ਨਾਲ ਨਜਿੱਠਣ ਲਈ ਕੰਟਰੋਲ ਰੂਮ ਅਤੇ ਬਚਾਓ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਜੋ ਕਿਸੇ ਵੀ ਹਾਲਾਤ ਨਾਲ ਨਜਿੱਠਣ ਲਈ ਤਿਆਰ ਹਨ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਦਰਿਆ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਬੇਨਤੀ ਕੀਤੀ।

ਇਸ ਮੌਕੇ ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਹਥਾੜ ਦੇ ਪਿੰਡਾਂ 'ਚ ਦਰਿਆ ਦੇ ਪਾਣੀ ਤੋਂ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਪੁੱਜੇ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਸਰਕਾਰ ਇਸ ਮੁਸ਼ਕਿਲ ਦੀ ਘੜੀ ਵਿਚ ਉਨ੍ਹਾਂ ਦੇ ਨਾਲ ਖੜ੍ਹੀ ਹੈ। ਕਿਸਾਨਾਂ ਦੀਆਂ ਫ਼ਸਲਾਂ ਦਾ ਜੋ ਨੁਕਸਾਨ ਹੋਇਆ ਹੈ, ਉਸ ਦੀ ਗਿਰਦਾਵਰੀ ਦੇ ਹੁਕਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕਰ ਦਿੱਤੇ ਗਏ ਹਨ। ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਸਰਕਾਰ ਵਚਨਬੱਧ ਹੈ।