ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਥੇ ਦੁਨੀਆਂ ਭਰ 'ਚ ਸਮਾਗਮ ਕੀਤੇ ਜਾ ਰਹੇ ਹਨ, ਉੱਥੇ ਸਮਾਗਮਾਂ ਨੂੰ ਲੈ ਕੇ ਕੁਝ ਵਿਵਾਦਾਂ ਦੇ ਹੱਲ ਲਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ 'ਚ ਸੋਮਵਾਰ ਨੂੰ ਰੱਖੀ ਗਈ ਹੈ।

ਇਸ ਇਕੱਤਰਤਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ, ਤਖ਼ਤ ਸ੍ਰੀ ਹਜੂਰ ਸਾਹਿਬ ਤੋਂ ਸਿੰਘ ਸਾਹਿਬ ਤੇ ਇਕ ਹੋਰ ਸਿੰਘ ਸਾਹਿਬ ਨੂੰ ਸ਼ਾਮਲ ਕਰ ਕੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਵੇਗੀ। ਇਸ ਇਕੱਤਰਤਾ 'ਚ ਸ਼ਤਾਬਦੀ ਨੂੰ ਲੈ ਕੇ ਮੁੱਖ ਮੁੱਦੇ ਵਿਚਾਰੇ ਜਾਣਗੇ।

ਇਸ 'ਚ ਮੁੱਖ ਮੁੱਦਾ 12 ਨਵੰਬਰ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਧਾਰਮਿਕ ਸਟੇਜ ਦਾ ਹੈ। ਇਸ ਸਟੇਜ ਨੂੰ ਲਗਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਜਾਰੀ ਹੋਏ ਸਨ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਲਮੇਲ ਕਮੇਟੀ ਬਣਾ ਕੇ ਇਸ ਦਾ ਹੱਲ ਕਰਨ।

ਸਾਂਝੀ ਸਟੇਜ ਨੂੰ ਲਗਾਉਣ ਦਾ ਕੋਈ ਹੱਲ ਨਾ ਨਿਕਲਣ ਤੇ ਇਹ ਮੁੱਦਾ ਮੁੜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆ ਪੁੱਜਾ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਦੋ ਨੁਮਾਇੰਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਚਿੱਠੀ ਵੀ ਦੇ ਕੇ ਗਏ ਸਨ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਸਮਾਗਮਾਂ ਦੀ ਸੂਚੀ ਵੀ ਇਸ ਮੀਟਿੰਗ 'ਚ ਵਿਚਾਰਨ ਲਈ ਮੰਗੀ ਹੈ। ਇਸ ਤੋਂ ਇਲਾਵਾ ਹੋਰ ਮੁੱਦਿਆਂ 'ਚ ਪੰਥ ਚੋਂ ਛੇਕੇ ਗਏ ਸੱਚਾ ਸਿੰਘ ਲੰਗਾਹ ਦੇ ਮਾਮਲੇ ਨੂੰ ਵੀ ਵਿਚਾਰਿਆ ਜਾਵੇਗਾ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੱਢਾ ਜਿਸ 'ਤੇ ਦੋ ਸਾਲ ਦੀ ਪਾਬੰਦੀ ਲਗਾਈ ਗਈ ਸੀ, ਪਾਬੰਦੀ ਦਾ ਸਮਾਂ ਤਿੰਨ ਮਹੀਨੇ 'ਚ ਮੁਕੰਮਲ ਹੋਣ ਵਾਲਾ ਹੈ ਜਿਸ ਲਈ ਸ਼ਤਾਬਦੀ ਨੂੰ ਦੇਖਦਿਆਂ ਚੱਢਾ ਦਾ ਮਾਮਲਾ ਵਿਚਾਰਿਆ ਜਾ ਸਕਦਾ ਹੈ। ਸ਼ਤਾਬਦੀ ਨੂੰ ਦੇਖਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਥ 'ਚੋਂ ਛੇਕੇ ਗਏ ਸਿੱਖਾਂ ਨੂੰ ਮੁੜ ਪੰਥ 'ਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾਂ ਦਿੱਲੀ ਕਮੇਟੀ ਵੱਲੋਂ ਪਾਕਿਸਤਾਨ ਵਿਖੇ ਨਗਰ ਕੀਰਤਨ ਲੈ ਕੇ ਜਾਣ ਸਬੰਧੀ ਸੋਨੇ ਦੀ ਪਾਲਕੀ ਤਿਆਰ ਕਰਨ ਦਾ ਵੀ ਮਾਮਲਾ ਵਿਚਾਰਿਆ ਜਾਵੇਗਾ।