ਅੰਮ੍ਰਿਤਸਰ, ਅੰਮ੍ਰਿਤਸਰ : ਮੋਰਚਾ ਗੁਰੂ ਕਾ ਬਾਗ ਦੀ 100 ਸਾਲਾ ਸ਼ਤਾਬਦੀ ਸਬੰਧੀ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੁੰਦਰ ਸਿੰਘ ਧਾਮੀ, ਅੰਤਿ੍ੰਗ ਮੈੰਬਰ ਜੋਧ ਸਿੰਘ ਸਮਰਾ, ਮੈੰਬਰ ਸੁਰਜੀਤ ਸਿੰਘ ਭਿਟੇਵੱਡ, ਸਕੱਤਰ ਸੁਖਮਿੰਦਰ ਸਿੰਘ, ਸਤਬੀਰ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਜਗਜੀਤ ਸਿੰਘ ਆਦਿ ਮੋਜੂਦ ਸਨ। ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਦੇ ਸਮਾਗਮਾਂ ' ਚ 100 ਵਿਦਿਆਰਥੀ ਤੰਤੀ ਸਾਜ਼ਾਂ ਨਾਲ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਮੋਰਚਾ ਗੁਰੂ ਕਾ ਬਾਗ ਸਬੰਧੀ ਇਤਿਹਾਸਕ ਘਟਨਾਵਾਂ ਨੂੰ ਰੂਪਮਾਨ ਕਰਦੀ ਵਿਸ਼ੇਸ਼ ਚਿੱਤਰ ਪ੍ਰਦਰਸ਼ਨੀ ਵੀ ਸ਼ਤਾਬਦੀ ਸਮਾਗਮਾਂ ਦੌਰਾਨ ਲਗਾਈ ਗਈ ਹੈ।

ਦੱਸਣਯੋਗ ਹੈ ਕਿ ਮੋਰਚਾ ਗੁਰੂ ਕਾ ਬਾਗ 8 ਅਗਸਤ 1922 ਨੂੰ ਲੰਗਰ ਲਈ ਲੱਕੜਾਂ ਵੱਢਣ ਵਾਲੇ ਸਿੱਖਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸ਼ੁਰੂ ਹੋਇਆ ਸੀ, ਜੋ 17 ਨਵੰਬਰ 1922 ਤੱਕ ਜਾਰੀ ਰਿਹਾ। ਇਹ ਮੋਰਚਾ ਗੁਰਦੁਆਰਾ ਸੁਧਾਰ ਲਹਿਰ ਕੜੀ ਦਾ ਇਕ ਅਹਿਮ ਹਿੱਸਾ ਸੀ, ਜਿਸ ਨੇ ਪੰਥਕ ਸ਼ਕਤੀ ਨੂੰ ਹੋਰ ਸੰਗਠਤ ਕੀਤਾ ਅਤੇ ਇਸ ਨੇ ਦੇਸ਼ ਦੀ ਆਜ਼ਾਦੀ ਦਾ ਵੀ ਮੁੱਢ ਬੰਨ੍ਹਿਆ। ਤਿੰਨ ਮਹੀਨੇ ਤੋਂ ਵੱਧ ਸਮਾਂ ਚੱਲੇ ਇਸ ਮੋਰਚੇ ਦੌਰਾਨ 5600 ਤੋਂ ਵੱਧ ਸਿੱਖ ਗ੍ਰਿਫ਼ਤਾਰ ਹੋਏ ਅਤੇ 1500 ਤੋਂ ਜ਼ਿਆਦਾ ਜ਼ਖ਼ਮੀ ਹੋਏ ਅਤੇ ਕਈ ਸਿੰਘਾਂ ਨੇ ਸ਼ਹਾਦਤ ਪਾਈ।

Posted By: Seema Anand