ਮੁਲਜ਼ਮ ਫ਼ਰਾਰ, ਰਾਤ ਪੌਣੇ ਇਕ ਵਜੇ ਹੋਈ ਘਟਨਾ

ਗੋਲ਼ੀਆਂ ਚਲਾਉਣ ਵਾਲਿਆਂ ਦਾ ਪਤਾ ਲਾਉਣ ਵਿਚ ਜੁਟੀ ਪੁਲਿਸ

ਜੇਐੱਨਐੱਨ, ਅੰਮਿ੍ਤਸਰ : ਸਿਵਲ ਲਾਈਨ ਥਾਣੇ ਅਧੀਨ ਪੈਂਦੇ ਲਾਰੈਂਸ ਰੋਡ 'ਤੇ ਸਥਿਤ ਆਈਸਕਰੀਮ ਲਾਂਜ ਵਿਚ ਸ਼ੁੱਕਰਵਾਰ ਦੀ ਦੇਰ ਰਾਤ ਆਈਸਕਰੀਮ ਖਾਣ ਨੂੰ ਲੈ ਕੇ ਦੋ ਧਿਰਾਂ ਵਿਚ ਜੰਮ ਕੇ ਝਗੜਾ ਹੋ ਗਿਆ। ਇਕ ਧਿਰ ਨੇ ਗੋਲ਼ੀਆਂ ਚਲਾ ਕੇ ਉੱਥੇ ਆਈਸਕਰੀਮ ਖਾਣ ਪੁੱਜੇ ਦੋ ਭਰਾਵਾਂ ਨੂੰ ਜ਼ਖ਼ਮੀ ਕਰ ਦਿੱਤਾ। ਗੋਲ਼ੀਆਂ ਚਲਦਿਆਂ ਹੀ ਦੋਵੇਂ ਧਿਰਾਂ ਦੇ ਲੋਕ ਘਟਨਾ ਵਾਲੀ ਜਗ੍ਹਾ ਤੋਂ ਫ਼ਰਾਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਜ਼ਖ਼ਮੀਆਂ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ।

ਏਐੱਸਆਈ ਰਾਜੇਂਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ ਹੋਏ ਦੋਨਾਂ ਭਰਾਵਾਂ ਦਾ ਝਗੜੇ ਨਾਲ ਕੋਈ ਵਾਸਤਾ ਨਹੀਂ ਹੈ। ਫਿਲਹਾਲ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੈ। ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਗੇਟ ਹਕੀਮਾਂ ਵਾਸੀ ਅਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ। ਸ਼ੁੱਕਰਵਾਰ ਦੀ ਰਾਤ ਦੋਵੇਂ ਬੇਟੇ ਸਿਰਮਜੀਤ ਸਿੰਘ ਅਤੇ ਬਿਕਰਮਜੀਤ ਸਿੰਘ ਖਾਣਾ ਖਾਣ ਲਈ ਲਾਰੈਂਸ ਰੋਡ 'ਤੇ ਆਏ ਸਨ। ਖਾਣਾ ਖਾਣ ਤੋਂ ਬਾਅਦ ਉਹ ਲਾਰੈਂਸ ਰੋਡ 'ਤੇ ਸਥਿਤ ਬੀਬੀਕੇ ਡੀਏਵੀ ਕਾਲਜ ਕੋਲ ਸਥਿਤ ਆਈਸਕਰੀਮ ਲਾਂਜ 'ਚ ਪੁੱਜੇ। ਉੱਥੇ ਪਹਿਲਾਂ ਤੋਂ ਕੁਝ ਵਿਅਕਤੀ ਝਗੜਾ ਕਰ ਰਹੇ ਸਨ। ਦੇਖਦੇ ਹੀ ਦੇਖਦੇ ਉੱਥੇ ਗੋਲ਼ੀਆਂ ਚੱਲ ਗਈਆਂ, ਜਿਸ ਕਾਰਨ ਉਨ੍ਹਾਂ ਦੇ ਦੋਵੇਂ ਪੁੱਤਰ ਜ਼ਖ਼ਮੀ ਹੋ ਗਏ।