ਜੇਐੱਨਐੱਨ, ਅੰਮਿ੍ਤਸਰ : ਗੇਟ ਹਕੀਮਾਂ ਥਾਣੇ ਦੇ ਅਧੀਨ ਪੈਂਦੀ ਆਨੰਦ ਵਿਹਾਰ ਕਾਲੋਨੀ ਦੇ ਇਕ ਘਰ 'ਚ ਚੱਲ ਰਹੀ ਜਨਮ ਦਿਨ ਦੀ ਪਾਰਟੀ ਵਿਚ ਕੁੱਝ ਲੋਕਾਂ ਨੇ ਹੁਸ਼ਿਆਰਪੁਰ ਦੇ ਸੌਰਵ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਝਗੜੇ ਦਾ ਕਾਰਨ ਅਜੇ ਤਕ ਸਪੱਸ਼ਟ ਨਹੀਂ ਹੋਇਆ ਹੈ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਸੋਮਵਾਰ ਦੀ ਰਾਤ ਇਕ ਵਜੇ ਇਲਾਕੇ ਵਿਚ ਸੌ ਰਾਊਂਡ ਤੋਂ ਜ਼ਿਆਦਾ ਫਾਇਰ ਕੀਤੇ ਗਏ ਸਨ ਅਤੇ ਇਲਾਕੇ ਵਿਚ ਵੱਡੀ ਦਹਿਸ਼ਤ ਸੀ। ਉੱਧਰ ਘਟਨਾ ਬਾਰੇ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਏਡੀਸੀਪੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਫਿਲਹਾਲ ਗੇਟ ਹਕੀਮਾਂ ਥਾਣੇ 'ਚ ਵਿਵੇਕ, ਪਿ੍ਰੰਸ, ਰਾਹੁਲ ਸਮੇਤ ਪੰਜ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ।

ਹੁਸ਼ਿਆਰਪੁਰ ਸਥਿਤ ਗਊਸ਼ਾਲਾ ਵਾਲੀ ਗਲੀ 'ਚ ਰਹਿਣ ਵਾਲੇ ਪਰਿਵਾਰ ਨੇ ਦੱਸਿਆ ਕਿ ਸੌਰਵ ਫਰੂਟ ਅਤੇ ਸਬਜ਼ੀ ਦਾ ਹੋਲਸੇਲ ਦਾ ਕਾਰੋਬਾਰ ਕਰਦਾ ਹੈ। ਉਸ ਦੀ ਅੱਠ ਸਾਲ ਦੀ ਬੇਟੀ ਵੀ ਹੈ। ਸੋਮਵਾਰ ਦੀ ਰਾਤ ਉਸ ਨੂੰ ਵਿਵੇਕ ਨਾਂ ਦੇ ਦੋਸਤ ਨੇ ਫੋਨ ਕਰ ਕੇ ਦੱਸਿਆ ਸੀ ਕਿ ਕਿਸੇ ਮੈਂਡੀ ਨਾਂ ਦੇ ਦੋਸਤ ਦਾ ਜਨਮ ਦਿਨ ਹੈ ਅਤੇ ਉਸ ਨੂੰ ਪਾਰਟੀ 'ਚ ਜ਼ਰੂਰ ਸ਼ਾਮਲ ਹੋਣਾ ਹੈ। ਉਹ ਤੁਰੰਤ ਆਪਣੇ ਡਰਾਈਵਰ ਨਾਲ ਆਨੰਦ ਵਿਹਾਰ ਕਾਲੋਨੀ 'ਚ ਪਹੁੰਚ ਗਿਆ। ਉੱਥੇ ਇਕ ਵੱਡੀ ਕੋਠੀ 'ਚ 70-75 ਨੌਜਵਾਨ ਜਨਮ ਦਿਨ ਮਨਾ ਰਹੇ ਸਨ। ਲਗਪਗ 15-20 ਮੁਲਜ਼ਮਾਂ ਕੋਲ ਪਿਸਟਲ, ਦੋਨਾਲੀ ਅਤੇ ਰਾਈਫਲਾਂ ਸੀ। ਰਾਤ ਲਗਪਗ ਇਕ ਵਜੇ ਸਾਰੇ ਲੋਕ ਹਵਾ 'ਚ ਫਾਈਰਿੰਗ ਕਰ ਰਹੇ ਸਨ ਅਤੇ ਉਸੇ ਦੌਰਾਨ ਕੁੱਝ ਲੋਕਾਂ ਦੀ ਆਪਸ ਵਿਚ ਬਹਿਸ ਹੋ ਗਈ। ਦੇਖਦੇ ਹੀ ਦੇਖਦੇ ਗੱਲ ਗਾਲ੍ਹੀ-ਗਲੋਚ ਤੇ ਹੱਥੋਪਾਈ 'ਤੇ ਪਹੁੰਚ ਗਈ। ਕੁੱਝ ਲੋਕਾਂ ਨੇ ਸਿੱਧੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਸ 'ਚੋਂ ਇਕ ਗੋਲੀ ਸੌਰਵ ਨੂੰ ਵੀ ਜਾ ਵੱਜੀ ਅਤੇ ਗੋਲ਼ੀ ਵੱਜਦੇ ਹੀ ਉਹ ਜ਼ਮੀਨ ਉੱਤੇ ਡਿੱਗ ਪਿਆ। ਜ਼ਿਆਦਾ ਖ਼ੂਨ ਵਗ ਜਾਣ ਕਾਰਨ ਸੌਰਵ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਅਤੇ ਗੋਲ਼ੀਆਂ ਚਲਾਉਣ ਵਾਲੇ ਸਾਰੇ ਮੁਲਜ਼ਮ ਉੱਥੋਂ ਫਰਾਰ ਹੋ ਗਏ।

ਬਾਕਸ . . .

ਜ਼ਮਾਨਤ ਉੱਤੇ ਰਿਹਾਅ ਮੁਲਜ਼ਮ ਵੀ ਪੁੱਜੇ ਸਨ ਪਾਰਟੀ 'ਚ

ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਉੱਤੇ ਰਾਤ ਨੂੰ ਸੌ ਰਾਊਂਡ ਤੋਂ ਜ਼ਿਆਦਾ ਗੋਲ਼ੀਆਂ ਚੱਲੀਆਂ ਸੀ। ਸਾਰੇ ਲੋਕ ਆਪਣੇ ਘਰਾਂ 'ਚ ਲੁੱਕ ਗਏ ਤਾਂ ਕਿ ਕਿਸੇ ਨੂੰ ਗੋਲ਼ੀ ਨਾ ਵੱਜ ਜਾਵੇ। ਲੋਕਾਂ ਨੇ ਦੱਸਿਆ ਕਿ ਪ੍ਰਬੰਧ 'ਚ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਅਪਰਾਧੀ ਵੀ ਪਹੁੰਚੇ ਸਨ। ਜਿਨ੍ਹਾਂ ਦੇ ਖਤਰਨਾਕ ਗੈਂਗਸਟਰਾਂ ਨਾਲ ਵੀ ਸੰਬੰਧ ਹਨ।