ਗਗਨਦੀਪ ਸਿੰਘ ਬੇਦੀ, ਅੰਮਿ੍ਤਸਰ : ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਰਕਾਰ ਦੀਆਂ ਜਿੰਮ ਨਾ ਖੋਲ੍ਹਣ ਦੀਆਂ ਹਦਾਇਤਾਂ ਹਨ, ਪਰ ਇਨ੍ਹਾਂ ਹਦਾਇਤਾਂ ਦਾ ਪਾਲਣ ਕਰਨਾ ਇਕ ਜਿੰਮ ਦੇ ਕੋਚ ਨੂੰ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਜਿੰਮ 'ਚ ਦਾਖ਼ਲ ਹੋਣ ਦੀ ਜ਼ਿੱਦ 'ਤੇ ਅੜੇ ਕੁਝ ਵਿਅਕਤੀਆਂ ਨੇ ਜਿੰਮ ਦੇ ਕੋਚ 'ਤੇ ਗੋਲ਼ੀਆਂ ਚਲਾ ਦਿੱਤੀਆਂ।

ਪੁਲਿਸ ਨੇ ਇਸ ਮਾਮਲੇ 'ਚ 6 ਮੁਲਜ਼ਮ ਨਾਮਜ਼ਦ ਤੇ 15-20 ਅਣਪਛਾਤਿਆਂ 'ਤੇ ਆਰਮਜ਼ ਐਕਟ ਦੀ ਧਾਰਾ 25 ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਜੰਡਿਆਲਾ 'ਚ ਮਾਮਲਾ ਦਰਜ ਕਰ ਲਿਆ ਹੈ ਤੇ ਜ਼ਖ਼ਮੀ ਜਿੰਮ ਕੋਚ ਬਲਵਿੰਦਰ ਸਿੰਘ ਇਸ ਵੇਲੇ ਅੰਮਿ੍ਤਸਰ ਦੇ ਅਮਨਦੀਪ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਜਿੰਮ ਕੋਚ ਬਲਵਿੰਦਰ ਸਿੰਘ ਦੇ ਚਾਚੇ ਦੇ ਪੁੱਤਰ ਗੁਰਵਿੰਦਰ ਸਿੰਘ ਵਾਸੀ ਬੰਮਾ ਨੇ ਦੱਸਿਆ ਕਿ 13 ਜੁਲਾਈ ਨੂੰ ਦੁਪਹਿਰ ਜਦੋਂ ਉਹ ਆਪਣੇ ਤਾਏ ਨਾਲ ਉਨ੍ਹਾਂ ਦੇ ਘਰ ਬੈਠਾ ਸੀ ਤਾਂ ਉੱਥੇ ਹਰਪ੍ਰੀਤ ਸਿੰਘ ਉਰਫ਼ (ਅਜੇ ਰਾਮਪੁਰ) ਜੋ ਕਿ ਪਹਿਲਾਂ ਵੀ ਕਈ ਫਿਰੌਤੀ ਤਕ ਦੇ ਮਾਮਲਿਆਂ ਵਿਚ ਚਰਚਿਤ ਹੈ, ਆਪਣੇ ਸਾਥੀਆਂ ਨਾਲ ਪਹੁੰਚਿਆ ਤੇ ਆਉਂਦਿਆਂ ਹੀ ਉਸ ਨੇ ਬਲਵਿੰਦਰ ਸਿੰਘ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਪੁੱਛੇ ਜਾਣ 'ਤੇ ਉਸ ਨੇ ਖ਼ੁਦ ਨੂੰ ਬਲਵਿੰਦਰ ਦਾ ਦੋਸਤ ਦੱਸਿਆ, ਜਿਸ ਕਾਰਨ ਉਨ੍ਹਾਂ ਨੇ ਬਲਵਿੰਦਰ ਸਿੰਘ ਨੂੰ ਬਾਹਰ ਬੁਲਾ ਲਿਆ ਪਰ ਉਸ ਦੇ ਬਾਹਰ ਆਉਂਦਿਆਂ ਹੀ ਹਰਪ੍ਰੀਤ ਸਿੰਘ ਅਜੇ ਤੇ ਉਸ ਦੇ ਸਾਥੀ ਬਲਵਿੰਦਰ ਸਿੰਘ ਨਾਲ ਗਾਲੀ ਗਲੌਚ ਕਰਨ ਲੱਗ ਗਏ ਤੇ ਫਿਰ ਉਨ੍ਹਾਂ ਨੇ ਮੇਰੇ ਦਾਤਰ ਮਾਰਿਆ ਤੇ ਬਲਵਿੰਦਰ ਸਿੰਘ ਦੇ ਗੋਡੇ ਵਿਚ ਗੋਲ਼ੀ ਮਾਰ ਕੇ ਲਲਕਾਰੇ ਮਾਰੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਉੱਥੋਂ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਜਿੰਮ ਕੋਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ਼ (ਅਜੇ ਰਾਮਪੁਰ) ਤੇ ਉਸ ਦੇ ਸਾਥੀ ਘਟਨਾ ਵਾਲੇ ਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਜਿੰਮ ਵਿਚ ਐਂਟਰੀ ਲੈਣ ਲਈ ਆਏ ਸਨ ਪਰ ਸਰਕਾਰੀ ਹਦਾਇਤਾਂ ਮੁਤਾਬਕ ਉਨ੍ਹਾਂ ਨੇ ਉਕਤ ਸਾਰੇ ਵਿਅਕਤੀਆਂ ਨੂੰ ਜਿੰਮ ਵਿਚ ਐਂਟਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ। ਜਿਸ 'ਤੇ ਉਹ ਉੱਥੋਂ ਝਗੜਾ ਕਰਦੇ ਹੋਏ ਤੇ ਧਮਕੀਆਂ ਦਿੰਦੇ ਹੋਏ ਇਹ ਕਹਿੰਦਿਆਂ ਫਰਾਰ ਹੋ ਗਏ ਕਿ ਜੇਕਰ 24 ਘੰਟਿਆਂ ਵਿਚ ਉਨ੍ਹਾਂ ਨੂੰ ਜਿੰਮ ਵਿਚ ਐਂਟਰੀ ਨਾ ਦਿੱਤੀ ਗਈ ਤਾਂ ਉਹ ਅੰਜਾਮ ਭੁਗਤਣ ਲਈ ਤਿਆਰ ਰਹਿਣ।