ਪੱਤਰ ਪ੍ਰਰੇਰਕ, ਤਰਨਤਾਰਨ : ਪੱਟੀ ਵਿਖੇ ਪਤਨੀ ਨਾਲ ਮਿਲ ਕੇ ਪੁੱਤ ਨੇ ਆਪਣੀ ਮਾਂ ਦੇ ਖਾਤੇ ਵਿਚੋਂ 5 ਲੱਖ 9 ਹਜ਼ਾਰ 200 ਰੁਪਏ ਧੋਖੇ ਨਾਲ ਕਢਵਾ ਲਏ। ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮਾਂ ਦੀ ਸ਼ਿਕਾਇਤ 'ਤੇ ਪੁੱਤ ਅਤੇ ਉਸਦੀ ਨੂੰਹ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕਰ ਲਿਆ ਹੈ। ਦਰਸ਼ਨਾ ਕੁਮਾਰੀ ਪਤਨੀ ਦਰਸ਼ਨ ਲਾਲ ਵਾਸੀ ਵਾਰਡ ਨੰਬਰ 7 ਪੱਟੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੋਸ਼ ਲਾਇਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਉਸਦੇ ਪਤੀ ਦੇ ਖਾਤੇ 'ਚ ਕੁਝ ਪੈਸੇ ਸੀ। ਇਸ ਸਬੰਧੀ ਉਸਦਾ ਲੜਕਾ ਪਰਵੇਸ਼ ਕੁਮਾਰ ਕਹਿਣ ਲੱਗਾ ਕਿ ਪਿਤਾ ਦੇ ਖਾਤੇ ਵਿਚ ਪੈਸੇ ਉਸਦੇ ਖਾਤੇ ਵਿਚ ਟਰਾਂਸਫਰ ਕਰ ਦੇਵੇਗਾ, ਜਿਸ ਤਹਿਤ ਪਰਵੇਸ਼ ਕੁਮਾਰ ਅਤੇ ਉਸਦੀ ਨੂੰਹ ਸਨੀਆ ਨੇ ਉਸਦੇ ਦਸਤਖਤ ਚੈੱਕ 'ਤੇ ਕਰਵਾ ਲਏ। ਜਦੋਂ ਉਸ ਨੇ ਬੈਂਕ ਵਿਚੋਂ ਪਤਾ ਕੀਤਾ ਤਾਂ ਸਾਹਮਣੇ ਆਇਆ ਕਿ ਉਸਦੇ ਖਾਤੇ ਵਿਚੋਂ 5 ਲੱਖ 9 ਹਜ਼ਾਰ 200 ਰੁਪਏ ਕਢਵਾਏ ਗਏ ਸੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਰੇਸ਼ਮ ਸਿੰਘ ਨੇ ਕਿਹਾ ਕਿ ਧੋਖਾਦੇਹੀ ਕਰਨ ਵਾਲੇ ਪਰਵੇਸ਼ ਕੁਮਾਰ ਤੇ ਉਸਦੀ ਪਤਨੀ ਸਨੀਆ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।