ਨਿਤਿਨ ਕਾਲੀਆ, ਛੇਹਰਟਾ : ਕਾਲੇ ਘੰਣੂਪੁਰ ਸਥਿਤ ਨਿੰਦਰ ਕਲੱਬ ਵਾਲੀ ਗਲ਼ੀ ਵਿਚ ਰਹਿਣ ਵਾਲੇ ਰਛਪਾਲ ਸਿੰਘ ਲਾਡੀ ਦੀ ਹੱਤਿਆ ਦੇ ਮਾਮਲੇ 'ਚ ਨਾਮਜ਼ਦ ਲਲਿਤ ਸ਼ਰਮਾ ਨੂੰ ਪੁਲਿਸ ਨੇ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਲਲਿਤ ਪੁਲਿਸ ਨੂੰ ਝਾਂਸਾ ਦੇ ਕੇ ਦਿੱਲੀ ਫ਼ਰਾਰ ਹੋਣ ਦੀ ਕੋਸ਼ਿਸ਼ ਵਿਚ ਸੀ। ਫਿਲਹਾਲ ਪੁਲਿਸ ਮੁਲਜ਼ਮ ਕੋਲੋਂ ਪੁੱਛਗਿੱਛ ਕਰ ਰਹੀ ਹੈ।

ਏਸੀਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਵੀਰਵਾਰ ਨੂੰ ਲਲਿਤ ਸ਼ਰਮਾ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਪੁਲਸ ਰਿਮਾਂਡ ਤੋਂ ਬਾਅਦ ਮੁਲਜ਼ਮ ਕੋਲੋਂ ਵਾਰਦਾਤ ਵਿਚ ਇਸਤੇਮਾਲ ਕੀਤਾ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਲਲਿਤ ਸ਼ਰਮਾ ਦਾ ਛੇਹਰਟਾ ਖ਼ੇਤਰ ਵਿਚ ਸ਼ਰਾਬ ਦਾ ਕਾਰੋਬਾਰ ਹੈ। ਬੀਤੇ ਕੁਝ ਸਾਲਾਂ ਵਿਚ ਉਸ ਦੇ ਖ਼ਿਲਾਫ਼ ਐਕਸਾਈਜ਼ ਐਕਟ ਦੇ ਪੰਜ ਮੁਕੱਦਮੇ ਦਰਜ ਹਨ। ਸੋਮਵਾਰ ਦੀ ਸਵੇਰ ਮੁਲਜ਼ਮ ਨੇ ਕਰੀਬੀ ਦੋਸਤ ਰਛਪਾਲ ਸਿੰਘ ਲਾਡੀ ਦੇ ਮੱਥੇ 'ਤੇ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਰਦਾਤ ਦੇ ਸਮੇਂ ਰਛਪਾਲ ਸਿੰਘ ਆਪਣੇ ਭਰਾ ਦਿਲਬਾਗ ਸਿੰਘ ਨਾਲ ਘਰ ਵਿਚ ਸੌ ਰਿਹਾ ਸੀ। ਮੁਲਜ਼ਮ ਰਛਪਾਲ ਦੇ ਘਰ ਪੁੱਜਾ ਤੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਲਲਿਤ ਫ਼ਰਾਰ ਹੋ ਗਿਆ ਸੀ।

ਪੁਲਸ ਦੀ ਖੁੱਲ੍ਹ ਗਈ ਸੀ ਪੋਲ!

ਰਛਪਾਲ ਸਿੰਘ ਦੀ ਹੱਤਿਆ ਦੇ ਮਾਮਲੇ ਨੇ ਛੇਹਰਟਾ ਇਲਾਕੇ ਵਿਚ ਖੁੱਲ੍ਹੇਆਮ ਨਸ਼ਾ ਵਿਕਣ ਦੀ ਪੋਲ ਖੋਲ੍ਹ ਦਿੱਤੀ ਸੀ। ਪਰਿਵਾਰ ਦਾ ਦੋਸ਼ ਸੀ ਕਿ ਉਹ ਕਈ ਵਾਰ ਸਥਾਨਕ ਪੁਲਿਸ ਕੋਲ ਜਾ ਕੇ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਦੇ ਚੁੱਕੇ ਹਨ ਪਰ ਪੁਲਿਸ ਨੇ ਨਸ਼ੇ ਦੇ ਧੰਦੇਬਾਜ਼ 'ਤੇ ਕਾਰਵਾਈ ਨਹੀਂ ਕੀਤੀ।