ਜਸਪਾਲ ਸਿੰਘ ਗਿੱਲ, ਮਜੀਠਾ : ਮੁਖ ਦਾਣਾ ਮੰਡੀ ਮਜੀਠਾ 'ਚ ਆੜ੍ਹਤੀਆਂ ਵੱਲੋ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਥਿਤ ਤੌਰ 'ਤੇ ਕਿਸਾਨਾਂ ਦੀ ਹੁੰਦੀ ਲੁੱਟ ਦੇ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਵੱਲੋਂ ਹਲਕੇ ਦੇ ਸੈਂਕੜੇ ਕਿਸਾਨਾਂ ਦੀ ਮਦਦ ਨਾਲ ਅੰਮ੍ਰਿਤਸਰ ਮਜੀਠਾ ਮੁੱਖ ਮਾਰਗ 'ਤੇ ਅੱਜ ਸ਼ੁੱਕਰਵਾਰ ਦੇਰ ਸ਼ਾਮ ਆਵਾਜਾਈ ਰੋਕ ਕੇ ਰੋਹ ਭਰਪੂਰ ਧਰਨਾ ਲਾਇਆ ਗਿਆ।

ਕਿਸਾਨਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਲਗਾਤਾਰ ਤਿੰਨ ਦਿਨਾਂ ਤੋ ਲਗਾਤਾਰ ਮੰਡੀ ਵਿੱਚ ਮਜੀਠਾ 'ਚ ਪ੍ਰਾਈਵੇਟ ਵਪਾਰੀਆਂ ਵੱਲੋ ਝੋਨੇ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ, ਜਦਕਿ ਆੜ੍ਹਤੀਆਂ ਵੱਲੋਂ ਫੋਨ ਕਰ ਕੇ ਕਿਸਾਨਾਂ ਨੂੰ ਝੋਨਾਂ ਮੰਡੀ 'ਚ ਲਿਆਉਣ ਲਈ ਕਿਹਾ ਜਾ ਰਿਹਾ ਹੈ ਕਿ ਝੋਨੈ ਦੀ ਖ਼ਰੀਦ ਹੋ ਰਹੀ ਹੈ, ਜਿਸ ਨਾਲ ਕਿਸਾਨ ਬਹੁਤ ਖੱਜਲ ਹੋ ਰਹੇ ਹਨ । ਬੀਤੀ ਕੱਲ ਬੁੱਧਵਾਰ ਨੂੰ ਪੰਜਾਬ ਭਰ 'ਚ ਮੰਡੀਆਂ ਦੀ ਲੇਬਰ ਵੱਲੋਂ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ, ਜਿਸ ਕਰਕੇ ਝੋਨੇ ਦੀ ਖ਼ਰੀਦ ਨਹੀਂ ਹੋਈ ਪਰ ਅੱਜ ਸ਼ੁੱਕਰਵਾਰ ਫਿਰ ਮੰਡੀ 'ਚ ਪਿਆ ਝੋਨਾਂ ਵਪਾਰੀਆਂ ਨੇ ਨਹੀਂ ਖ਼ਰੀਦ ਕੀਤਾ । ਓਧਰ ਜੇ ਕੋਈ ਇੱਕ ਦੋ ਢੇਰੀਆਂ ਦੀ ਖ਼ਰੀਦੀ ਹੋਈ ਵੀ ਹੈ ਤਾਂ ਤਾਂ ਉਹ ਵੀ ਆਮ ਭਾਅ ਤੋ ਵੀ ਕਿਤੇ ਘੱਟ ਭਾਅ ਤੇ ਖ਼ਰੀਦੀਆ ਗਿਆ ਹੈ। ਮੁਖ ਸੜਕ ਰੋਕ ਕੇ ਬੈਠੇ ਸੈਕੜੇ ਕਿਸਾਨਾਂ ਵਿੱਚ ਭਾਰੀ ਰੋਸ ਸੀ ਕਿ ਉਪਰੋਂ ਮੌਸਮ ਖ਼ਰਾਬ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਕੀਮਤੀ ਝੋਨਾ ਵੀ ਮੰਡੀ 'ਚ ਖੁੱਲ੍ਹੇ ਅਸਮਾਨ ਹੇਠਾਂ ਪਿਆ ਹੋਇਆ ਹੈ, ਜਿਸ ਦੇ ਖ਼ਰਾਬ ਹੋਣ ਦਾ ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਪਰ ਦੂਜੇ ਪਾਸੇ ਆੜ੍ਹਤੀਏ ਅਤੇ ਪ੍ਰਾਈਵੇਟ ਖ਼ਰੀਦਦਾਰ ਝੋਨੈ ਦੀ ਖ਼ਰੀਦ ਨਹੀਂ ਕਰ ਰਹੇ।

ਧਰਨਾਕਾਰੀ ਕਿਸਾਨਾਂ ਦੱਸਿਆ ਕਿ ਅੰਮ੍ਰਿਤਸਰ ਦੀ ਦਾਣਾ ਮੰਡੀ 'ਚ ਅੱਜ ਝੋਨਾ ਕਰੀਬ 3400 ਰੁਪਏ ਪ੍ਰਤੀ ਕੁਇੰਟਲ ਵਿਕਿਆ ਹੈ ਪਰ ਮਜੀਠਾ ਦੀ ਮੰਡੀ ਵਿੱਚ ਵਪਾਰੀ 2800 ਤੋਂ ਲੈ ਕੇ ਸਿਰਫ 3100 ਰੁਪਏ ਵਿੱਚ ਓਸੇ ਕੁਆਲਿਟੀ ਦਾ ਝੋਨੇ ਦਾ ਭਾਅ ਲਗਾ ਰਿਹਾ ਹੈ ਜਿਹੜੀ ਕਿ ਕਿਸਾਨਾਂ ਦੀ ਸ਼ਰੇਆਮ ਲੁੱਟ ਹੈ । ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਮਜੀਠਾ 'ਚ ਅੱਜ ਦੀ ਤਾਰੀਕ 'ਚ ਕੋਈ ਵੀ ਸਕੱਤਰ ਨਹੀਂ, ਜਿਸ ਬਾਰੇ ਪੰਜਾਬੀ ਜਾਗਰਣ ਅਖਬਾਰ ਨੇ ਇੱਕ ਹਫਤਾ ਪਹਿਲਾਂ ਹੀ ਖ਼ਬਰ ਲਗਾਈ ਸੀ ਕਿ ਝੋਨੇ ਦੇ ਸੀਜ਼ਨ ਇਸ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾਂ ਪਵੇਗਾ ਅਤੇ ਹੋਇਆ ਵੀ ਓਹੀ ਕਿ ਜਿਸ ਨੇ ਅਜਿਹੇ ਮਸਲੇ ਹੱਲ ਕਰਵਾਉਣੇ ਹੁੰਦੇ ਹਨ ਅੱਜ ਓਹੀ ਪੋਸਟ ਖਾਲੀ ਹੈ ।

ਇਸ ਦੌਰਾਨ ਕਿਸਾਨਾਂ ਮੰਡੀ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਬੋਲਦੇ ਕਿਹਾ ਕੇ ਹਰ ਵਾਰ ਆੜ੍ਹਤੀਏ ਆਪਣੇ ਕੰਡਿਆਂ ਰਹੀ ਵੱਧ ਤੋਲ ਕਰ ਕੇ ਕਿਸਾਨਾਂ ਦੀ ਲੁੱਟ ਕਰਦੇ ਹਨ ਅਤੇ ਅਗਰ ਕੋਈ ਜਾਗਰੂਕ ਕਿਸਾਨ ਇਸ ਹੇਰਾ-ਫੇਰੀ ਨੂੰ ਫੜ ਵੀ ਲੈਂਦਾਂ ਹੈ ਤਾਂ ਮਹਿਕਮਾ ਕਦੇ ਕੋਈ ਠੋਸ ਕਾਰਵਾਈ ਨਾਂ ਕਰਕੇ ਸਿਰਫ ਆੜ੍ਹਤੀਏ ਨੂੰ ਤਾੜਨਾ ਹੀ ਕਰ ਕੇ ਮਾਮਲਾ ਰਫ਼ਾ-ਦਫ਼ਾ ਕਰ ਲੈਂਦਾ ਹੈ ਇਸ ਲਈ ਕੰਪਊਟਰ ਕੰਡੇ ਜ਼ਰੂਰੀ ਹੋਣੇ ਚਾਹੀਦੇ ਹਨ । ਕਿਸਾਨਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿ਼ਆਂ ਕਿਹਾ ਕਿ ਸਰਕਾਰ ਨੇ ਦਾਅਵੇ ਨਾਲ ਕਿਹਾ ਸੀ ਕਿ ਕਿਸਾਨਾਂ ਦੀ ਝੋਨੈ ਦੀ ਫਸਲ ਦਾ ਇੱਕ-ਇੱਕ ਦਾਣਾ ਸਮੇ ਸਿਰ ਚੁੱਕ ਲਿਆ ਜਾਵੇਗਾ, ਮੰਡੀਆਂ ਵਿੱਚ ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਪਰ ਦੂੱਜੇ ਪਾਸੇ ਮਜੀਠਾ ਮੰਡੀ ਵਿਚ ਅਜਿਹੀ ਸਥਿਤੀ ਵਿਚ ਆਮ ਆਦਮੀ ਪਾਰਟੀ ਦਾ ਇੱਕ ਵੀ ਆਗੂ ਕਿਸਾਨਾਂ ਦੀ ਸਾਰ ਲੈਣ ਨਹੀ ਪੁੱਜਾ। ਅੱਜ ਸ਼ੁਕਰਵਾਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਸੀ, ਜਿਸ ਨਾਲ ਸ਼ਹਿਰ ਦੀ ਟ੍ਰੈਫਿਕ ਬੁਰੀ ਤਰਾਂ ਨਾਲ ਅਸਤ ਵਿਅਸਤ ਹੋਈ ਪਈ ਸੀ ਅਤੇ ਨਾਲ ਹੀ ਇਸ ਸਮੇ ਤੱਕ ਕੋਈ ਵੀ ਸਰਕਾਰੀ ਅਧਿਕਾਰੀ ਜਾ ਆਮ ਆਦਮੀ ਪਾਰਟੀ ਦਾ ਆਗੂ ਕਿਸਾਨਾਂ ਨਾਲ ਰਾਬਤਾ ਕਰਨ ਲਈ ਮੌਕੇ 'ਤੇ ਨਹੀਂ ਪੁੱਜਾ ਸੀ । ਜਿਸ ਕਰਕੇ ਕਿਸਾਨਾਂ ਵਿੱਚ ਰੋਸ ਵਧਦਾ ਹੀ ਜਾ ਰਿਹਾ ਸੀ। ਇਸ ਮੌਕੇ ਕਿਸਾਨ ਆਗੂਆਂ ਵਿੱਚ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਜੇਠੂਨੰਗਲ, ਜਮਹੂਰੀ ਕਿਸਾਨ ਸਭਾ ਦੇ ਸਰਕਲ ਪ੍ਰਧਾਨ ਰਣਬੀਰ ਸਿੰਘ ਮਜੀਠਾ, ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਜਿਲ੍ਹਾ ਸਕੱਤਰ ਪੂਰਨ ਸਿੰਘ, ਕੁਲਦੀਪ ਸਿੰਘ ਨਾਗ, ਗੁਰਦੇਵ ਸਿੰਘ ਨਾਗ, ਜੋਗਿੰਦਰ ਸਿੰਘ ਬੁਰਜ ਨੋ ਆਬਾਦ ਸਮੇਤ ਵੱਡੀ ਗਿਣਤੀ ਵਿਚ ਹਲਕੇ ਦੇ ਕਿਸਾਨ ਹਾਜ਼ਰ ਸਨ।

Posted By: Shubham Kumar