ਕੁਲਦੀਪ ਸੰਤੂ ਨੰਗਲ, ਗੁਰੂ ਕਾ ਬਾਗ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਸੰਘਰਸ਼ 'ਚ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਫਿਲਮੀ ਅਦਾਕਾਰ ਸੋਨੀਆ ਮਾਨ ਹਰਸ਼ਾ ਛੀਨਾ ਵਿਖੇ ਪੁੱਜੇ। ਇੱਥੇ ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨਾਲ ਮਿਲ ਕੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਰੋਸ ਮੁਜ਼ਾਹਰਾ ਕੀਤਾ।

ਇਸ ਮੌਕੇ ਸੋਨੀਆ ਮਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਕਿਸਾਨੀ ਨੂੰ ਖਤਮ ਕਰਨ 'ਤੇ ਤੁਲੀ ਹੋਈ ਹੈ, ਜਿਸ ਸਬੰਧੀ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਖਤਰਨਾਕ ਮਨਸੂਬਿਆਂ ਬਾਰੇ ਦੱਸਣ ਲਈ ਕੁੱਕੜਾਂਵਾਲਾ ਦੇ ਸਟੇਡੀਅਮ ਵਿਖੇ 18 ਅਪ੍ਰਰੈਲ ਨੂੰ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਤੇ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਕਿਸਾਨ ਮਹਾਂਪੰਚਾਇਤ ਕੀਤੀ ਜਾ ਰਹੀ ਹੈ। ਮਹਾਪੰਚਾਇਤ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ', ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਨਾਮਵਰ ਪੰਜਾਬੀ ਲੋਕ ਗਾਇਕ ਬੱਬੂ ਮਾਨ, ਕੰਵਰ ਗਰੇਵਾਲ, ਹਰਫ਼ ਚੀਮਾ ਤੇ ਸਿੰਘਾਂ ਆਦਿ ਵੀ ਸੰਬੋਧਨ ਕਰਨਗੇ। ਇਸ ਸਬੰਧੀ ਵੱਖ-ਵੱਖ ਪਿੰਡਾਂ ਵਿਚ ਜਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਸਪੀਕਰ ਰਾਹੀਂ ਇਸ ਕਿਸਾਨ ਮਹਾਂਪੰਚਾਇਤ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਇਸ ਮੌਕੇ ਕਿਸਾਨ ਆਗੂ ਕਸ਼ਮੀਰ ਸਿੰਘ, ਜਸਪਾਲ ਸਿੰਘ, ਪਲਵਿੰਦਰ ਸਿੰਘ ਮਾਹਲ, ਸਰਪੰਚ ਕਰਮਜੀਤ ਸਿੰਘ, ਨਛੱਤਰ ਸਿੰਘ ਬੱਗਾ ਕਲਾਂ, ਮਾਸਟਰ ਲੱਖਾ ਸਿੰਘ ਅਤੇ ਧਰਮਵੀਰ ਸਿੰਘ ਆਦਿ ਹਾਜ਼ਰ ਸਨ।