ਪੱਤਰ ਪ੍ਰਰੇਰਕ, ਅੰਮਿ੍ਤਸਰ : ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਸਾਹਮਣੇ 26ਵੇਂ ਦਿਨ ਅੌਰਤਾਂ ਨੇ ਭਰਵੀਂ ਸ਼ਮੂਲੀਅਤ ਕਰ ਕੇ ਅੰਦੋਲਨਕਾਰੀ ਕਿਸਾਨਾਂ ਦਾ ਹੌਸਲਾ ਵਧਾਇਆ। ਧਰਨਾ ਲਾ ਕੇ ਬੈਠੀਆਂ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਜਤਿੰਦਰ ਸਿੰਘ ਛੀਨਾ, ਬਚਿੱਤਰ ਸਿੰਘ ਕੋਟਲਾ ਤੇ ਹਰਜੀਤ ਸਿੰਘ ਝੀਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਵੱਲੋਂ ਮਾਲ ਗੱਡੀਆਂ ਲਈ ਦਿੱਤੇ ਰਸਤੇ 'ਤੇ ਗੱਡੀਆਂ ਚਲਾਉਣ ਤੋਂ ਨਾਂਹ ਕਰ ਕੇ ਪੰਜਾਬੀਆਂ ਨੂੰ ਚੁਣੌਤੀ ਦਿੱਤੀ ਹੈ ਤੇ ਪੰਜਾਬ ਦੇ ਲੋਕ ਇਸ ਨੂੰ ਖਿੜੇ ਮੱਥੇ ਕਬੂਲ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਕਾਰਵਾਈ ਕਰ ਕੇ ਪੰਜਾਬੀਆਂ ਦੀ ਹੇਠੀ ਕੀਤੀ ਹੈ ਤੇ ਕਿਸਾਨ ਅੰਦੋਲਨ ਨੂੰ ਅਣਗੌਲਿਆਂ ਕਰਨ ਦੇ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨ ਲਹਿਰ ਤੇ ਪੰਜਾਬੀ ਇਸ ਦਾ ਢੁੱਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਤੇ ਵਪਾਰੀਆਂ ਦੇ ਨੇੜੇ ਆਉਣ ਤੋਂ ਖ਼ਫ਼ਾ ਹੋ ਕੇ ਪੰਜਾਬ ਦੇ ਵਪਾਰੀਆਂ ਤੇ ਆਮ ਲੋਕਾਂ ਨੂੰ ਸਬਕ ਸਿਖਾਉਣ ਲਈ ਕੇਂਦਰ ਸਰਕਾਰ ਇਹ ਪੈਂਤੜਾ ਖੇਡ ਰਹੀ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਲੰਮੀ ਲੜਾਈ ਲੜਨ ਲਈ ਤਿਆਰ ਰਹਿਣ ਲਈ ਆਖਿਆ।

ਧਰਨੇ ਨੂੰ ਕਿਸਾਨ ਬੀਬੀਆਂ ਜਸਬੀਰ ਕੌਰ ਘੁੱਕੇਵਾਲੀ, ਜਗਰੂਪ ਕੌਰ ਸਹਿੰਸਰਾ, ਦਿਲਬੀਰ ਕੌਰ ਘੁੱਕੇਵਾਲੀ, ਕੰਵਲਜੀਤ ਕੌਰ ਸਹਿੰਸਰਾ, ਹਰਦੀਪ ਕੌਰ ਕੋਟਲਾ ਮੀਤ ਪ੍ਰਧਾਨ ਪੰਜਾਬ ਸਟੂਡੈਂਟਸ ਯੂਨੀਅਨ, ਦਰਸ਼ਨ ਕੌਰ ਰਾਣੇਵਾਲੀ, ਪਰਮਜੀਤ ਕੌਰ ਰਾਣੇਵਾਲੀ ਤੇ ਕਿਸਾਨ ਆਗੂਆਂ ਸਤਨਾਮ ਸਿੰਘ ਝੰਡੇਰ, ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱਸੜ, ਨਰਿੰਦਰ ਸਿੰਘ ਬਾਉਲੀ, ਹਰਜਿੰਦਰ ਸਿੰਘ ਧੌਲ, ਗੁਰਪ੍ਰਰੀਤ ਸਿੰਘ ਕੁਹਾਲੀ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ, ਸਵਿੰਦਰ ਸਿੰਘ ਬਾਉਲੀ, ਗੁਰਜੀਤ ਸਿੰਘ ਕੋਹਾਲੀ, ਸੂਬੇਦਾਰ ਜਗਿੰਦਰ ਸਿੰਘ ਘੁੱਕੇਵਾਲੀ ਆਦਿ ਨੇ ਸੰਬੋਧਨ ਕੀਤਾ।