ਪੰਜਾਬੀ ਜਾਗਰਣ ਟੀਮ, ਅੰਮਿ੍ਤਸਰ/ਜੰਡਿਆਲਾ ਗੁਰੂ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਨੇ ਕੌਮਾਂਤਰੀ ਮੁਦਰਾ ਕੋਸ਼ ਫੰਡ ਦੀ ਚੇਅਰਪਰਸਨ ਕਿ੍ਸਟੀਨਾ ਜੌਰਜੀਵਾ ਵਿਰੁੱਧ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਹੈ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਚੇਅਰਪਰਸਨ ਕਿ੍ਸਟੀਨਾ ਨੇ ਖੇਤੀ ਕਾਨੂੰਨਾਂ ਨੂੰ ਸਹੀ ਦੱਸਿਆ ਹੈ ਤੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਖੇਤੀ ਸੁਧਾਰਾਂ ਨੂੰ ਲਾਹੇਵੰਦ ਦੱਸਦਿਆ ਦਾਅਵਾ ਕੀਤਾ ਹੈ ਕਿ ਇਸ ਨਾਲ ਰੁਜ਼ਗਾਰ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਬਿਆਨ ਦੀ ਨੁਕਤਾਚੀਨੀ ਕਰਦੀ ਹੈ। ਇਸ ਲਈ ਜਥੇਬੰਦੀ ਦੇ ਕਾਰਕੁਨਾਂ ਨੇ ਗੋਲਡਨ ਗੇਟ ਅੰਮਿ੍ਤਸਰ ਤੇ ਜੰਡਿਆਲਾ ਗੁਰੂ ਵਿਚ ਕ੍ਰਿਸਟੀਨਾ ਖ਼ਿਲਾਫ਼ ਪੁਤਲਾ ਫੂਕ ਰੋਸ ਮੁਜ਼ਾਹਰਾ ਕੀਤਾ ਹੈ।

ਇਸੇ ਦੌਰਾਨ ਜੰਡਿਆਲਾ ਗੁਰੂ ਵਿਖੇ ਰੇਲ ਰੋਕੋ ਅੰਦੋਲਨ 115ਵੇਂ ਦਿਨ ਵਿਚ ਦਾਖਲ ਹੋ ਗਿਆ। ਵਿਚਾਰਾਂ ਦੀ ਸਾਂਝ ਪਾਉਂਦਿਆਂ ਪੰਧੇਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਸੈਕਟਰ ਦੇਸ਼ ਨੂੰ 70 ਫ਼ੀਸਦੀ ਰੁਜ਼ਗਾਰ ਦਿੰਦਾ ਹੈ ਤੇ ਇਸ ਨਾਲ ਮੁਲਕ ਦਾ ਅਰਥਚਾਰਾ ਚਲਦਾ ਹੈ। ਖੇਤੀ ਸੈਕਟਰ ਤੇ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣਾ ਤੇ ਖੇਤੀ ਮੰਡੀ ਨੂੰ ਨਿੱਜੀ ਹੱਥਾਂ ਵਿਚ ਦੇਣ ਦੇ ਕਦਮ ਨੂੰ ਜ਼ਾਇਜ਼ ਨਹੀਂ ਠਹਿਰਾਇਆ ਜਾ ਸਕਦਾ।

ਐੱਨਆਈਏ ਵੱਲੋਂ ਸੂਬੇ ਦੇ ਕੁਝ ਕਿਸਾਨ ਆਗੂਆਂ, ਨੌਜਵਾਨਾਂ ਤੇ ਟਰਾਂਸਪੋਟਰਾਂ ਨੂੰ ਤੰਗ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਜਥੇਬੰਦੀ ਨੂੰ ਵੀ ਸੁਪਰੀਮ ਕੋਰਟ ਦਾ ਨੋਟਿਸ ਪਹੁੰਚਿਆ ਹੈ, ਆਪਣੇ ਵਕੀਲਾਂ ਨਾਲ ਸਲਾਹ ਕਰ ਕੇ ਜਵਾਬ ਦੇਵਾਂਗੇ। ਇਸ ਮੌਕੇ ਰਣਜੀਤ ਸਿੰਘ ਕਲ਼ੇਰਬਾਲਾ, ਅਮਰਦੀਪ ਸਿੰਘ ਗੋਪੀ, ਅਮੋਲਕਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ ਲੋਹੁਕਾ, ਅਮਨਦੀਪ ਸਿੰਘ, ਮਹਤਾਬ ਸਿੰਘ ਕਚਰਭਨ, ਸੁਖਚੈਨ ਸਿੰਘ ਠੱਠਾ, ਸੁਰਿੰਦਰ ਸਿੰਘ ਘੁੱਦੂਵਾਲਾ, ਗੁਰਮੀਤ ਸਿੰਘ ਚੱਬਾ, ਲਖਵਿੰਦਰ ਸਿੰਘ ਜੋਗੇਵਾਲਾ, ਲਖਬੀਰ ਸਿੰਘ ਚੰਗਲੀ, ਦਵਿੰਦਰ ਸਿੰਘ ਵਲਟੋਹਾ ਆਦਿ ਆਗੂਆਂ ਨੇ ਸੰਬੋਧਨ ਕੀਤਾ।