ਮਹਿੰਦਰ ਸਿੰਘ ਅਰਲੀਭੰਨ, ਕਲਾਨੌਰ : ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਲਾਂਘੇ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੇ ਉਚਿਤ ਮੁਆਵਜ਼ੇ ਸਬੰਧੀ ਕਿਸਾਨਾਂ ਨੇ ਸੋਮਵਾਰ ਨੂੰ ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਅਸ਼ੋਕ ਕੁਮਾਰ ਸ਼ਰਮਾ ਨਾਲ ਮੀਟਿੰਗ ਕੀਤੀ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਉਹ ਗੁਰੂ ਘਰ ਕਾਰਨ ਚੁੱਪ ਹਨ ਪਰ ਕੇਂਦਰ ਇਸ ਗੱਲ ਦਾ ਗਲਤ ਫਾਇਦਾ ਨਾ ਉਠਾਏ।

ਐੱਸਡੀਐੱਮ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਜੋੜੀਆਂ ਕਲਾਂ, ਚੰਦੂ ਵਡਾਲਾ, ਡੇਰਾ ਬਾਬਾ ਨਾਨਕ, ਪੱਖੋਕੇ, ਟਾਹਲੀ ਸਾਹਿਬ ਦੇ ਕਿਸਾਨਾਂ ਸੂਬਾ ਸਿੰਘ, ਮਨੀ ਮਹਾਜਨ, ਮਹਿੰਦਰ ਸਿੰਘ, ਸੁਰਜੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਲਾਲ ਸਿੰਘ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਤੇ ਹੋਰ ਸ਼ਾਮਲ ਹੋਏ। ਕਿਸਾਨਾਂ ਨੇ ਕਿਹਾ ਕਿ ਗੁਰੂ ਘਰ ਲਈ ਰਸਤਾ ਬਣਨ ਕਾਰਨ ਉਹ ਚੁੱਪ ਹਨ ਪਰ ਸਰਕਾਰ ਕਿਸਾਨਾਂ ਦੀ ਮਜਬੂਰੀ ਦਾ ਗਲਤ ਫਾਇਦਾ ਉਠਾ ਰਹੀ ਹੈ। ਕਿਸਾਨ ਗੁਰੂ ਘਰ ਦੇ ਰਸਤੇ ਵਿਚ ਵਿਘਨ ਪਾ ਕੇ ਪਾਪ ਦੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ, ਜੇਕਰ ਗੁਰੂ ਘਰ ਦੀ ਥਾਂ ਕਿਸੇ ਹੋਰ ਕੰਮ ਲਈ ਸਰਕਾਰ ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰਦੀ ਤਾਂ ਉਹ ਵੱਡਾ ਸੰਘਰਸ਼ ਕਰਦੇ। ਸਰਕਾਰ ਸਿਰਫ ਤਿੰਨ ਗੁਣਾ ਵਾਧਾ ਕਰ ਕੇ ਜ਼ਮੀਨ ਦਾ 25 ਲੱਖ ਪ੍ਤੀ ਦੇ ਹਿਸਾਬ ਨਾਲ ਮੁਆਵਜ਼ਾ ਦੇ ਰਹੀ ਹੈ। ਇਹ ਕਿਸਾਨਾਂ ਨਾਲ ਧੋਖਾ ਹੈ।

ਕਿਸਾਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ 50, 70 ਤੇ 90 ਲੱਖ ਰੁਪਏ ਪ੍ਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਵਿਕ ਰਹੀ ਹੈ। ਸਰਕਾਰ ਉਨ੍ਹਾਂ ਨੂੰ ਵੀ ਐੱਨਐੱਚ-15 ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਦੀ ਤਰਜ਼ 'ਤੇ ਮੁਆਵਜ਼ਾ ਦੇਵੇ। ਸਰਹੱਦੀ ਪੱਟੀ ਦੇ ਕਿਸਾਨ ਪਹਿਲਾਂ ਹੀ ਕਰਜ਼ ਹੇਠ ਦੱਬੇ ਹੋਏ ਹਨ। ਕਈ ਕਿਸਾਨਾਂ ਦੇ ਸਿਰ 20 ਤੋਂ 25 ਲੱਖ ਰੁਪਏ ਕਰਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਜ਼ਮੀਨ ਦਾ ਯੋਗ ਮੁਆਵਜ਼ਾ ਦੇਵੇ।

ਹੁਣ ਤਕ 34 ਕਿਸਾਨਾਂ ਨੇ ਕੀਤਾ ਇਤਰਾਜ਼

ਐੱਸਡੀਐੱਮ ਅਸ਼ੋਕ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਮੀਨ ਐਕਵਾਇਰ ਦੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਅਦ 20 ਦਿਨਾਂ ਵਿਚ 34 ਕਿਸਾਨਾਂ ਨੇ ਆਪਣੇ ਇਤਰਾਜ਼ ਪੇਸ਼ ਕੀਤੇ ਹਨ। ਮੰਗਲਵਾਰ ਨੂੰ ਇਤਰਾਜ਼ ਪੇਸ਼ ਕਰਨ ਦਾ ਆਖ਼ਰੀ ਦਿਨ ਹੈ। ਸਰਹੱਦੀ ਕਿਸਾਨਾਂ ਦੀ ਜ਼ਮੀਨ ਕਮਰਸ਼ੀਅਲ ਹੋਣ ਕਾਰਨ ਉਨ੍ਹਾਂ ਨੂੰ ਸਹੀ ਮੁਆਵਜ਼ਾ ਦਿੱਤਾ ਜਾਵੇਗਾ। ਬਿਨਾਂ ਕਿਸਾਨਾਂ ਦੀ ਸਹਿਮਤੀ ਨਾਲ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ।