ਜਸਪਾਲ ਸਿੰਘ ਗਿੱਲ ,ਮਜੀਠਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਥੇਬੰਦੀ ਦੀ ਜ਼ੋਨ ਇਕਾਈ ਮਜੀਠਾ ਦੇ ਪ੍ਰਧਾਨ ਮੁਖਤਾਰ ਸਿੰਘ ਭੰਗਵਾਂ ਅਤੇ ਸਕੱਤਰ ਕਿਰਪਾਲ ਸਿੰਘ ਕਲੇਰ ਦੀ ਅਗਵਾਈ ਵਿੱਚ ਅੱਜ ਕਿਸਾਨਾਂ ਵੱਲੋਂ ਥਾਣਾ ਮਜੀਠਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਸਵਿੰਦਰ ਸਿੰਘ ਰੂਪੋਵਾਲੀ ਅਤੇ ਗੁਰਲਾਲ ਸਿੰਘ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਆਗੂ ਪਲਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੂੰ ਥਾਣਾ ਮਜੀਠਾ ਦੀ ਪੁਲਿਸ ਨੇ ਨਾਜ਼ਾਇਜ ਤਰੀਕੇ ਨਾਲ ਗ੍ਰਿਫਤਾਰ ਕੀਤਾ ਹੇ ਜਦ ਕਿ ਮਾਮਲੇ ਨਾਲ ਸਬੰਧਤ ਮੁਕੱਦਮਾ ਨੰਬਰ 29 ਸਾਲ 2022 ਦੀ ਪਹਿਲਾਂ ਤੋਂ ਹੀ ਜਿਲ੍ਹਾ ਪੁਲਿਸ ਮੁਖੀ ਅੰਮ੍ਰਿਤਸਰ ਦਿਹਾਤੀ ਵੱਲੋਂ ਇੰਕਨਕੁਆਇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰਾ ਮਾਮਲਾ ਬਿਜਲੀ ਦੇ ਟਰਾਂਸਫਰਮਰ ਚੋਰੀ, ਮੋਟਰਾਂ ਦੀਆਂ ਤਾਰਾਂ, ਸਟਾਰਟਰ, ਲੋਹੇ ਦੇ ਪਾਈਪ ਅਤੇ ਟਰਾਂਸਫਰਮਰਾਂ ਦਾ ਤੇਲ ਆਦਿ ਚੋਰੀ ਕਰਨ ਦਾ ਹੈ। ਚੋਰਾਂ ਵੱਲੋਂ ਇਹ ਸਾਰਾ ਸਮਾਨ ਵੱਡੇ ਪੱਧਰ ਤੇ ਚੋਰੀ ਕੀਤਾ ਜਾ ਰਿਹਾ ਸੀ ਅਤੇ ਦਿਨ ਬ ਦਿਨ ਇਹ ਚੋਰੀਆਂ ਦਾ ਸਿਲਸਿਲਾ ਵਧਦਾ ਜਾ ਰਿਹਾ ਹੈ। ਪੁਲਿਸ ਇੰਨ੍ਹਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਲਟਾ ਕਿਸਾਨ ਨੂੰ ਹੀ ਗ੍ਰਿਫਤਾਰ ਕਰ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸਲ ਵਿੱਚ ਇਸ ਮਾਮਲੇ ਵਿੱਚ ਐੱਸਸੀ ਐਕਟ ਲਗਾਇਆ ਗਿਆ ਹੈ ਉਹ ਸਰਾਸਰ ਗਲਤ ਹੈ ਇਹ ਸਰਕਾਰ ਦੀ ਕਿਸਾਨ ਮਜ਼ਦੂਰਾਂ ਵਿੱਚ ਪਾੜਾ ਪਾਉਣ ਦੀ ਗਿਣੀ ਮਿਥੀ ਸਾਜ਼ਿਸ਼ ਹੈ। ਜਿਹੜੀ ਕਿ ਹਰਗਿਜ਼ ਬਰਦਾਸ਼ਤ ਨਹੀ ਕੀਤੀ ਜਾਵੇਗੀ। ਇਸ ਦੇ ਰੋਸ ਵਜੋਂ ਕਿਸਾਨਾਂ ਮਜ਼ਦੂਰਾਂ ਨੇ ਪੁਲਿਸ ਸਟੇਸ਼ਨ ਮਜੀਠਾ ਘਿਰਾਓ ਕੀਤਾ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਜ਼ੰਮ ਕੇ ਨਾਅਰੇਬਾਜੀ ਕੀਤੀ। ਧਰਨਾਕਾਰੀ ਪੁਲਿਸ ਪਾਸੋਂ ਮੰਗ ਕਰ ਰਹੇ ਸਨ ਕਿ ਨਾਜਾਇਜ਼ ਤਰੀਕੇ ਨਾਲ ਗ੍ਰਿਫਤਾਰ ਕੀਤੇ ਕਿਸਾਨ ਨੂੰ ਤੁਰੰਤ ਛੱਡਿਆ ਜਾਵੇ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਐੱਸਐਚਓ ਮਜੀਠਾ ਹਿਮਾਂਸ਼ੂ ਭਗਤ ਨਾਲ ਇਸ ਮਾਮਲੇ ਸਬੰਧੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕੀਤੇ ਬਾਹਰ ਡਿਊਟੀ ਗਏ ਹੋਣ ਕਰਕੇ ਜਦੋ ਫੋਨ ਤੇ ਗੱਲ ਕੀਤੀ ਤਾਂ ਉਨਾਂ 5 ਮਿੰਟ ਤੱਕ ਗੱਲ ਕਰਦਾ ਕਹਿ ਕੇ ਫੋਨ ਕਟ ਦਿੱਤਾ ਅਤੇ ਗੱਲ ਕਰਨੀ ਮੁਨਾਸਿਬ ਨਹੀ ਸਮਝੀ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ । ਇਸ ਮੌਕੇ ਗੁਰਲਾਲ ਸਿੰਘ ਮਾਨ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾਂ, ਕਿਰਪਾਲ ਸਿੰਘ ਕਲੇਰ, ਲਖਬੀਰ ਸਿੰਘ ਕੱਥੂਨੰਗਲ, ਦਿਲਬਾਗ ਸਿੰਘ ਗਿੱਲ ਮਜੀਠਾ, ਮੇਜਰ ਸਿੰਘ ਅਬਦਾਲ, ਪ੍ਰਤਾਪ ਸਿੰਘ ਹਮਜਾ, ਗੁਰਦੀਪ ਸਿੰਘ ਲਾਟੀ, ਕਾਬਲ ਸਿੰਘ ਵਰਿਆਮ ਨੰਗਲ, ਟੇਕ ਸਿੰਘ ਝੰਡੇ ਆਦਿ ਕਿਸਾਨ ਅਤੇ ਕਿਸਾਨ ਬੀਬੀਆ ਵੀ ਹਾਜ਼ਰ ਸਨ।

Posted By: Jagjit Singh