ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : 13 ਅਪ੍ਰੈਲ 1919 ਜੱਲ੍ਹਿਆਵਾਲੇ ਬਾਗ਼ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਸੰਸਥਾ ਪੰਜਾਬ ਪ੍ਰਦੇਸ਼ ਸਵਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਗਠਨ ਦੇ ਮੈਂਬਰਾਂ ਨੂੰ ਜੱਲ੍ਹਿਆਂ ਵਾਲੇ ਬਾਗ ਵਿਖੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਨਾ ਜਾਣ ਦੇਣ ਤੇ ਬਾਹਰ ਰੋਸ ਮੁਜ਼ਾਹਰਾ ਕੀਤਾ। ਕੇਂਦਰ ਸਰਕਾਰ ਵੱਲੋਂ ਨਵੀਨੀਕਰਨ ਦੇ ਕੰਮ ਕਾਰਨ 14 ਮਹੀਨਿਆਂ ਤੋਂ ਬੰਦ ਜੱਲ੍ਹਿਆਂਵਾਲਾ ਬਾਗ ਨੂੰ ਸ਼ਹੀਦਾਂ ਦੇ ਪਰਿਵਾਰਾਂ ਲਈ ਨਹੀਂ ਖੋਲ੍ਹਿਆ ਗਿਆ, ਜਿਸ ਦੇ ਰੋਸ ਵਜੋਂ ਬਾਗ ਦੇ ਬਾਹਰ ਸੰਸਥਾ ਦੇ ਪ੍ਰਧਾਨ ਮਹੇਸ਼ ਬਹਿਲ ਅਤੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੇ ਬੈਠ ਕੇ ਸਰਕਾਰ ਖਿਲਾਫ ਤਿੱਖਾ ਰੋਸ ਮੁਜ਼ਾਹਰਾ ਕੀਤਾ।

ਇਸ ਮੌਕੇ ਪੁੱਜੀ ਭਾਜਪਾ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਲਕਸ਼ਮੀਕਾਂਤਾ ਚਾਵਲਾ ਨੇ ਸ਼ਹੀਦਾਂ ਦੇ ਪਰਿਵਾਰਾਂ ਦੀ ਗੱਲ ਸੁਣੀ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਚਪਨ ਤੋਂ ਆਪਣੇ ਬਜ਼ੁਰਗਾਂ ਦੇ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆ ਰਹੀ ਹਾਂ ਪਰ ਪਿਛਲੇ ਦੋ ਸਾਲ ਪਹਿਲਾਂ ਵੀ ਉਪ ਰਾਸ਼ਟਰਪਤੀ ਦੇ ਦੌਰੇ ਮੌਕੇ ਇਥੇ ਜੱਲ੍ਹਿਆਂਵਾਲੇ ਬਾਗ ਦੇ ਅੰਦਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਿਛਲੇ ਸਾਲ ਇਹ ਗੇਟ ਬੰਦ ਨਜ਼ਰ ਆਇਆ ਪਰ ਇਸ ਵਾਰ ਵੀ ਜਦੋਂ ਸ਼ਹੀਦਾਂ ਦੇ ਪਰਿਵਾਰਕ ਮੈਂਬਰ ਆਪਣਿਆਂ ਨੂੰ ਯਾਦ ਕਰਦੇ ਹੋਏ, ਇਸ ਦਿਹਾੜੇ ’ਤੇ ਇਥੇ ਪੁੱਜੇ ਹਨ, ਜਿਸ ਗੇਟ ਤੋਂ ਜਰਨਲ ਡਾਇਰ ਅੰਦਰ ਗਿਆ ਸੀ, ਉਹ ਗੇਟ ਬੰਦ ਨਜ਼ਰ ਆਇਆ। ਲੋਕ ਬਾਹਰੋਂ ਗੇਟ ’ਤੇ ਹਾਰ ਚੜ੍ਹਾ ਕੇ ਜਾ ਰਹੇ ਹਨ, ਉਨ੍ਹਾਂ ਕਿਹਾ ਕਿ ਅਜ਼ਾਦੀ ਤੋਂ ਬਾਅਦ ਵੀ ਜਦੋਂ ਲੋਕ ਸ਼ਹੀਦਾਂ ਨੂੰ ਸ਼ਰਧਾਂਜਲੀ ਨਾ ਦੇ ਸਕਦੇ ਹੋਣ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ? ਕੇਂਦਰ ਸਰਕਾਰ ਨੂੰ ਸ਼ਹੀਦਾਂ ਨੂੰ ਯਾਦ ਕਰਨ ਲਈ ਦਰਵਾਜ਼ੇ ਖੋਲ੍ਹ ਦੇਣੇ ਚਾਹੀਦੇ ਸਨ।

Posted By: Jagjit Singh