ਜੇਐੱਨਐੱਨ, ਤਰਨਤਾਰਨ: ਜ਼ਿਲ੍ਹਾ ਪਟਿਆਲਾ ਤੋਂ ਬਾਅਦ ਹੁਣ ਜ਼ਿਲ੍ਹਾ ਤਰਨਤਾਰਨ ਵਿਚ ਵੀ ਮਿਲਾਵਟੀ ਦੁੱਧ ਤਿਆਰ ਕਰ ਕੇ ਵੇਚਣ ਦਾ ਸੰਗੀਨ ਮਾਮਲਾ ਉਜਾਗਰ ਹੋਇਆ ਹੈ। ਇੱਥੇ 'ਤਿਆਰ' ਹੋਣ ਵਾਲੇ ਮਿਲਾਵਟੀ ਦੁੱਧ ਨੂੰ ਪਟਿਆਲਾ ਵਾਂਗ ਲੁਧਿਆਣਾ ਵਿਚ ਸਪਲਾਈ ਕੀਤਾ ਜਾ ਰਿਹਾ ਸੀ।

ਹਰੀਕੇ ਦਰਿਆ ਲਾਗੇ ਪਿੰਡ ਘੜੁੰਮ ਵਿਚ ਪਾਊਡਰ ਤੇ ਰਿਫਾਇੰਡ ਮਿਲਾ ਕੇ ਨੁਕਸਾਨਦੇਹ ਦੁੱਧ ਤਿਆਰ ਕਰਨ ਦੀ ਇਤਲਾਹ ਮਿਲਣ ਪਿੱਛੋਂ ਸੀਆਈਏ ਸਟਾਫ ਦੀ ਟੀਮ ਨੇ ਛਾਪਾਮਾਰੀ ਕਰ ਕੇ ਇਕ ਮਿਲਾਵਟਖੋਰ ਕਾਬੂ ਕਰ ਲਿਆ ਜਦਕਿ ਉਸ ਦੇ ਚਾਰ ਮਿਲਾਵਟਖੋਰ ਸਾਥੀ ਫ਼ਰਾਰ ਹੋ ਗਏ। ਇਹ ਅਨਸਰ ਘਰ ਵਿਚ ਹੀ ਮਿਲਾਵਟ ਵਾਲਾ ਮਸਨੂਈ ਦੁੱਧ ਤਿਆਰ ਕਰਦੇ ਸਨ। ਛਾਪਾਮਾਰੀ ਦੌਰਾਨ 25 ਕਿੱਲੋ ਪਾਊਡਰ ਤੇ 72 ਲੀਟਰ ਰਿਫਾਇੰਡ ਤੇਲ ਬਰਾਮਦ ਕਰ ਕੇ ਮੁਲਜ਼ਮ ਜੱਜ ਸਿੰਘ ਨੂੰ ਕਾਬੂ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਦਾ ਰਿਮਾਂਡ ਲੈ ਕੇ ਪੁੱਛ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ।

ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਸੀਆਈਏ ਸਟਾਫ ਪੱਟੀ ਦੇ ਇੰਚਾਰਜ ਸੁਖਰਾਜ ਸਿੰਘ ਨੂੰ ਇਤਲਾਹ ਮਿਲੀ ਹੋਈ ਸੀ ਕਿ ਪਿੰਡ ਘੜੁੰਮ ਵਿਚ ਮਲਟੋਡੈਕਸ ਟ੍ਰੇਨ ਪਾਊਡਰ ਤੇ ਰਿਫਾਇੰਡ ਮਿਲਾ ਕੇ ਨੁਕਸਾਨਦੇਹ ਦੁੱਧ ਤਿਆਰ ਕੀਤਾ ਜਾ ਰਿਹਾ ਹੈ। ਇਸ ਮਗਰੋਂ ਛਾਪਾਮਾਰੀ ਕਰ ਕੇ ਪਿੰਡ ਵਿਚ ਰਹਿੰਦੇ ਜੱਜ ਸਿੰਘ ਨਾਂ ਦੇ ਅਨਸਰ ਨੂੰ ਕਾਬੂ ਕੀਤਾ ਹੈ। ਜੱਜ ਦੇ ਪੁੱਤਰਾਂ ਗੁਰਲਾਲ ਤੇ ਗੁਰਸਾਹਿਬ ਸਿੰਘ, ਭਰਾ ਭਜਨ ਸਿੰਘ ਤੇ ਇਕ ਹੋਰ ਸਾਥੀ ਅਰਸ਼ਪ੍ਰੀਤ ਸਿੰਘ ਮੌਕੇ ਤੋਂ ਖਿਸਕ ਗਏ ਹਨ।

ਪੁੱਛ ਪੜਤਾਲ ਜ਼ਰੀਏ ਇਹ ਤੱਥ ਉਜਾਗਰ ਹੋਏ ਹਨ ਕਿ ਇਹ ਅਨਸਰ ਪਿੰਡਾਂ ਤੋਂ ਦੁੱਧ ਇਕੱਤਰ ਕਰਦੇ ਸਨ। ਉਸ ਦੁੱਧ ਵਿਚ ਪਾਣੀ, ਰਿਫਾਇੰਡ ਤੇ ਮਲਟੋਡੈਕਸ ਟ੍ਰੇਨ ਪਾਊਡਰ ਮਿਲਾ ਕੇ ਦੁੱਧ ਦੀ ਮਿਕਦਾਰ ਦੁੱਗਣੀ ਕਰ ਦਿੰਦੇ ਹਨ। ਇਸ ਮਗਰੋਂ ਇਹ ਦੁੱਧ ਲੈਣ ਲਈ ਆਉਂਦੀ ਗੱਡੀ ਰਾਹੀਂ ਦੁੱਧ ਢੰਡਾਰੀ ਕਲਾਂ ਭੇਜ ਦਿੰਦੇ ਸਨ।

ਐੱਸਐੱਸਪੀ ਮੁਤਾਬਕ ਲੁਧਿਆਣੇ ਰਹਿੰਦਾ ਰਮੇਸ਼ ਸਿੰਘ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਹੈ। ਇਹ ਮਿਲਾਵਟਖੋਰ ਅਨਸਰ ਹਰ ਰੋਜ਼ ਦਸ ਕੁਇੰਟਲ ਦੁੱਧ ਦੀ ਸਪਲਾਈ ਕਰਦੇ ਸਨ। ਫੜਿਆ ਗਿਆ ਮੁਲਜ਼ਮ ਜੱਜ ਸਿੰਘ ਲੰਘੇ 20 ਸਾਲਾਂ ਤੋਂ ਮਿਲਾਵਟੀ ਦੁੱਧ ਦਾ ਧੰਦਾ ਕਰ ਰਿਹਾ ਸੀ। ਇਹ ਦੁੱਧ ਇਨਸਾਨਾਂ ਲਈ ਬੇਹੱਦ ਨੁਕਸਾਨਦੇਹ ਹੈ।