ਜੇਐੱਨਐੱਨ, ਅੰਮ੍ਰਿਤਸਰ : ਨਸ਼ੇ ਦੇ ਚੱਕਰਵਿਊ ਵਿਚ ਫਸੇ ਕਈ ਲੋਕ ਆਧੁਨਿਕ ਹਥਿਆਰ ਲੈ ਕੇ ਘੁੰਮ ਰਹੇ ਹਨ। ਇਨ੍ਹਾਂ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਸ਼ਾਮਿਲ ਹਨ। ਇਨ੍ਹਾਂ ਦੇ ਹੱਥਾਂ ਵਿਚ ਹਥਿਆਰ ਹਨ ਤੇ ਦਿਮਾਗ ਵਿਚ ਨਸ਼ੇ ਦਾ ਸਰੂਰ ਵੀ। ਤਾਜ਼ੀ ਘਟਨਾ ਸਿਵਲ ਹਸਪਤਾਲ ਦੀ ਹੈ। ਪੰਜਾਬ ਪੁਲਿਸ ਦੇ ਇਕ ਮੁਲਾਜ਼ਮ ਨੇ ਡੋਪ ਟੈਸਟ ਦੀ ਫ਼ਰਜ਼ੀ ਰਿਪੋਰਟ ਤਿਆਰ ਕਰਵਾਈ ਤੇ ਸਿਵਲ ਹਸਪਤਾਲ ਵਿਚ ਮੈਡੀਕਲ ਫਿਟਨੈਸ ਸਰਟੀਫਿਕੇਟ ਲੈਣ ਪੁੱਜ ਗਿਆ। ਜਾਂਚ ਵਿਚ ਖ਼ੁਲਾਸਾ ਹੋਇਆ ਕਿ ਇਹ ਰਿਪੋਰਟ ਫ਼ਰਜ਼ੀ ਹੈ ਤੇ ਇਹ ਜਾਣਕਾਰੀ ਵੀ ਮਿਲੀ ਕਿ ਮੁਲਾਜ਼ਮ ਅੱਵਲ ਦਰਜੇ ਦਾ ਨਸ਼ੇੜੀ ਵੀ ਸੀ। ਦਰਅਸਲ, ਪੰਜਾਬ ਸਰਕਾਰ ਨੇ ਹਥਿਆਰ ਲਾਈਸੈਂਸ ਧਾਰਕਾਂ ਤੇ ਨਵੇਂ ਬਿਨੈਕਾਰਾਂ ਲਈ ਡੋਪ ਟੈਸਟ ਲਾਜ਼ਮੀ ਕੀਤਾ ਹੋਇਆ ਹੈ। ਇਸ ਦੇ ਲਈ ਬਿਨੈਕਾਰ ਦਾ ਬਕਾਇਦਾ ਯੂਰਿਨ ਸੈਂਪਲ ਲੈ ਕੇ ਟੈਸਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਿੰਘ ਨਾਮਕ ਇਸ ਪੁਲਿਸ ਮੁਲਾਜ਼ਮ ਨੇ ਡੋਪ ਟੈਸਟ ਨਹੀਂ ਕਰਵਾਇਆ, ਪਰ ਕੰਪਿਊਟਰ ਰਾਹੀਂ ਜਾਅਲੀ ਰਿਪੋਰਟ ਕੱਢਵਾ ਲਈ। ਇਹ ਰਿਪੋਰਟ ਵੀ ਹੂਬਹੂ ਸਰਕਾਰੀ ਰਿਪੋਰਟ ਵਰਗੀ ਸੀ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਲੈਟਰਪੈਡ ਉੱਤੇ ਮੁਲਾਜ਼ਮ ਦੀ ਤਸਵੀਰ ਲੱਗੀ ਸੀ। ਡੋਪ ਟੈਸਟ ਨੈਗੇਟਿਵ ਦੱਸਿਆ ਗਿਆ ਸੀ ਤੇ ਹੇਠਾਂ ਸਿਵਲ ਹਸਪਤਾਲ ਦੇ ਪੈਥੋਲਾਜਿਸਟ ਦੀ ਮੋਹਰ ਤੇ ਹਸਤਾਖਰ ਸਨ। ਸਭ ਕੁਝ ਇਕਦਮ ਅਸਲੀ ਵਰਗਾ ਹੀ ਸੀ ਪਰ ਪੈਥੋਲਾਜਿਸਟ ਦੇ ਹਸਤਾਖਰ ਵੱਖਰੇ ਸਨ। ਰਿਪੋਰਟ ਉੱਤੇ ਓਪੀਡੀ ਨੰਬਰ ਵੀ ਗਲਤ ਦਰਜ ਕੀਤਾ ਗਿਆ ਸੀ। ਇਹ ਰਿਪੋਰਟ ਕਿਸੇ ਕੰਪਿਊਟਰ ਸੈਂਟਰ ਤੋਂ ਤਿਆਰ ਕਰਵਾਈ ਗਈ ਸੀ।

ਮੁਲਾਜ਼ਮ ਦੀ ਇਹ ਚਲਾਕੀ ਕਦੇ ਫੜੀ ਹੀ ਨਾ ਜਾਂਦੀ, ਜੇਕਰ ਸਿਵਲ ਹਸਪਤਾਲ 'ਚ ਡੋਪ ਟੈਸਟ ਦੀ ਪ੍ਰਕਿਰਿਆ ਬੰਦ ਨਾ ਕੀਤੀ ਗਈ ਹੁੰਦੀ। ਅਸਲ ਵਿਚ ਟੈਸਟਿੰਗ ਕਿੱਟਾਂ ਖ਼ਤਮ ਹੋਣ ਕਾਰਨ ਸਿਵਲ ਹਸਪਤਾਲ ਵਿਚ ਪਿਛਲੇ ਇਕ ਮਹੀਨੇ ਤੋਂ ਡੋਪ ਟੈਸਟ ਨਹੀਂ ਹੋ ਰਹੇ। ਇਹ ਮੁਲਾਜ਼ਮ ਜਦੋਂ ਡੋਪ ਟੈਸਟ ਦੀ ਫ਼ਰਜ਼ੀ ਰਿਪੋਰਟ ਲੈ ਕੇ ਸਿਵਲ ਹਸਪਤਾਲ ਵਿਚ ਅੱਖਾਂ ਦੇ ਰੋਗਾਂ ਦੇ ਮਾਹਰ ਕੋਲ ਮੈਡੀਕਲ ਫਿਟਨੈਸ ਸਰਟੀਫਿਕੇਟ ਲੈਣ ਪੁੱਜਾ ਤਾਂ ਡਾਕਟਰ ਨੇ ਡੋਪ ਟੈਸਟ ਰਿਪੋਰਟ ਦੇ ਬਾਰੇ ਵਿਚ ਪੁੱਛਿਆ। ਮੁਲਾਜ਼ਮ ਨੇ ਝੱਟ ਰਿਪੋਰਟ ਕੱਢੀ ਤੇ ਟੇਬਲ ਉੱਤੇ ਰੱਖ ਦਿੱਤੀ। ਡਾਕਟਰ ਦਾ ਮੱਥਾ ਠਣਕਿਆ। ਉਨ੍ਹਾਂ ਪੁੱਛਿਆ ਕਿ ਸਿਵਲ ਹਸਪਤਾਲ ਵਿਚ ਤਾਂ ਟੈਸਟ ਹੋ ਹੀ ਨਹੀਂ ਰਹੇ ਤਾਂ ਤੂੰ ਰਿਪੋਰਟ ਕਿੱਥੋਂ ਲੈ ਆਇਆਂ? ਇਸ ਉੱਤੇ ਮੁਲਾਜ਼ਮ ਨੇ ਬੜੀ ਬੇਪਰਵਾਹੀ ਨਾਲ ਜਵਾਬ ਦਿੱਤਾ, ਬੱਸ ਇਧਰੋਂ-ਉਧਰੋਂ ਬਣਵਾ ਲਈ। ਇਹ ਸੁਣ ਕੇ ਡਾਕਟਰ ਨੇ ਹਸਪਤਾਲ ਦੇ ਐੱਸਐੱਮਓ ਨੂੰ ਜਾਣਕਾਰੀ ਦਿੱਤੀ। ਇਸ 'ਤੇ ਇਹ ਮੁਲਾਜ਼ਮ ਡੋਪ ਟੈਸਟ ਦੀ ਰਿਪੋਰਟ ਟੇਬਲ ਉੱਤੇ ਹੀ ਛੱਡ ਕੇ ਰਫ਼ੂ ਚੱਕਰ ਹੋ ਗਿਆ।

ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਲੈਬ ਟੈਕਨੀਸ਼ੀਅਨ ਰਾਜੇਸ਼ ਸ਼ਰਮਾ ਅਨੁਸਾਰ ਇਹ

ਮੁਲਾਜ਼ਮ ਨਸ਼ੇ ਦੇ ਸੇਵਨ ਦਾ ਆਦੀ ਸੀ। ਉਸ ਨੇ ਜਾਅਲੀ ਮੋਹਰ ਤੇ ਹਸਤਾਖਰ ਕਰਵਾਏ ਸਨ ਜਾਂ ਆਪਣੇ-ਆਪ ਕੀਤੇ ਸਨ। ਇਸ ਪ੍ਰਕਾਰ ਦੀ ਧਾਂਦਲੀ ਰੋਕਣ ਲਈ ਡੋਪ ਟੈਸਟ ਪ੍ਰਕਿਰਿਆ ਆਨਲਾਈਨ ਹੋਣੀ ਚਾਹੀਦਾ ਹੈ। ਫਿਲਹਾਲ ਇਹ ਕੰਮ ਮੈਨੂਅਲ ਹੋ ਰਿਹਾ ਹੈ। ਇਸ ਦਾ ਮਾੜਾ ਨਤੀਜਾ ਇਹ ਹੈ ਕਿ ਕੋਈ ਵੀ

ਵਿਅਕਤੀ ਕੰਪਿਊਟਰ ਤੋਂ ਪ੍ਰਿੰਟ ਕੱਢਵਾ ਕੇ ਫ਼ਰਜ਼ੀ ਰਿਪੋਰਟ ਤਿਆਰ ਕਰ ਸਕਦਾ ਹੈ। ਜਾਣਕਾਰੀ ਮਿਲੀ ਹੈ ਕਿ ਹਜ਼ਾਰਾਂ ਫ਼ਰਜ਼ੀ ਰਿਪੋਰਟਾਂ ਤਿਆਰ ਹੋ ਚੁੱਕੀਆਂ ਹਨ ਤੇ ਡੀਸੀ ਦਫ਼ਤਰ ਵੱਲੋਂ ਸਾਰੀਆਂ ਰਿਪੋਰਟਾਂ ਦੀ ਵੈਰੀਫਿਕੇਸ਼ਨ ਉਨ੍ਹਾਂ ਕੋਲੋਂ ਨਹੀਂ ਕਰਵਾਈ ਜਾ ਰਹੀ।


ਦਰਜ਼ਾ ਚਾਰ ਮੁਲਾਜ਼ਮ ਬਣਾਉਂਦਾ ਸੀ ਫ਼ਰਜ਼ੀ ਰਿਪੋਰਟਾਂ

ਸਾਲ 2019 ਵਿਚ ਸਿਵਲ ਹਸਪਤਾਲ ਵਿਚ ਨਿੱਜੀ ਕੰਪਨੀ ਦਾ ਦਰਜ਼ਾ ਚਾਰ ਮੁਲਾਜ਼ਮ ਫ਼ਰਜ਼ੀ ਰਿਪੋਰਟਾਂ ਤਿਆਰ ਕਰਦਾ ਫੜਿਆ ਗਿਆ ਸੀ। ਉਹ ਕੰਪਿਊਟਰ ਤੋਂ ਰਿਪੋਰਟ ਤਿਆਰ ਕਰ ਕੇ ਦੇ ਦਿੰਦਾ ਸੀ। ਇਸ ਦੇ ਬਦਲ 'ਚ ਤਿੰਨ ਤੋਂ ਪੰਜ ਹਜ਼ਾਰ ਰੁਪਏ ਲੈਂਦਾ ਸੀ। ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਸੀ।


ਡੀਸੀਪੀ ਅਤੇ ਐੱਸਐੱਚਓ ਨੂੰ ਲਿਖਿਆ : ਐੱਸਐੱਮਓ

ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਥਾਣਾ ਰਾਮਬਾਗ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਨਾਲ ਹੀ ਡੀਸੀਪੀ ਨੂੰ ਲਿਖਿਆ ਗਿਆ ਹੈ। ਜਾਅਲੀ ਰਿਪੋਰਟ ਤਿਆਰ ਕਰਨ ਵਾਲੇ ਮੁਲਜਿਮ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।


ਪਿਛਲੇ ਸਾਲ ਵੀ ਪੱਟੀ ਸਿਵਲ ਹਸਪਤਾਲ ਆਈਆਂ ਸੀ ਸੁਰਖੀਆਂ 'ਚ

ਪਿਛਲੇ ਸਾਲ ਤਰਨਤਾਰਨ ਪੁਲਿਸ ਦੇ 22 ਜਵਾਨਾਂ ਨੇ ਪੱਟੀ ਸਿਵਲ ਹਸਪਤਾਲ ਤੋਂ ਡੋਪ ਟੈਸਟ ਦੀ ਨੈਗੇਟਿਵ ਰਿਪੋਰਟ ਹਾਸਲ ਕੀਤੀ ਸੀ। ਤੱਦ ਪੁਲਿਸ ਵਿਭਾਗ ਨੇ ਸਿਵਲ ਹਸਪਤਾਲ ਅੰਮ੍ਰਿਤਸਰ ਤੋਂ ਇਨ੍ਹਾਂ ਦਾ ਦੁਬਾਰਾ ਟੈਸਟ ਕਰਵਾਇਆ ਸੀ। ਵਿਭਾਗ ਦਾ ਸ਼ੱਕ ਸੀ ਕਿ ਇਹ ਮੁਲਾਜਮ ਨਸ਼ੇੜੀ ਹੋ ਸਕਦੇ ਹਨ, ਉਹੀ ਹੋਇਆ, ਇਨ੍ਹਾਂ ਵਿਚੋਂ 13 ਮੁਲਾਮ ਡੋਪ ਟੈਸਟ ਵਿਚ ਫੇਲ ਸਾਬਤ ਹੋਏ। ਜਿਆਦਾਤਰ ਮੁਲਾਮਾਂ ਦੇ ਯੂਰੀਨ ਵਿਚ ਮਾਰਫਿਨ ਪਾਈ ਗਈ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਵੀ ਡੋਪ ਟੈਸਟ ਦੀ ਪ੍ਰਕਿਰਿਆ ਪਾਰਦਰਸ਼ੀ ਨਹੀਂ ਹੈ। ਅਫਸੋਸਨਾਕ ਪਹਿਲੂ ਇਹ ਹੈ ਕਿ ਨਾ ਤਾਂ ਪੁਲਿਸ ਮੁਲਾਮਾਂ 'ਤੇ ਕਾਰਵਾਈ ਹੋਈ ਅਤੇ ਨਾ ਹੀ ਪੱਟੀ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ।


ਪਤਨੀ ਦਾ ਯੂਰਿਨ ਲਿਆਉਣ ਵਾਲਾ ਮੁਲਾਮ ਹੋਇਆ ਸੀ ਸਸਪੈਂਡ

ਸਾਲ 2019 ਵਿਚ ਹੀ ਪੰਜਾਬ ਪੁਲਿਸ ਦਾ ਇਕ ਮੁਲਾਮ ਆਪਣੀ ਪਤਨੀ ਦਾ ਯੂਰਿਨ ਸੈਂਪਲ ਲੈ ਕੇ ਮੈਡੀਕਲ ਕਾਲਜ ਸਥਿਤ ਨਸ਼ਾ ਮੁਕਤੀ ਕੇਂਦਰ ਵਿਚ ਡੋਪ ਟੈਸਟ ਕਰਵਾਉਣ ਪਹੁੰਚ ਗਿਆ। ਉਸ ਦੀ ਇਹ ਕਾਰਸਤਾਨੀ ਫੜੀ ਗਈ। ਡੋਪ ਟੈਸਟ ਕਰਨ ਵਾਲੇ ਸਟਾਫ ਨੇ ਐੱਸਐੱਸਪੀ ਦਿਹਾਤੀ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਐੱਸਐੱਸਪੀ ਨੇ ਮੁਲਾਮ ਨੂੰ ਸਸਪੈਂਡ ਕੀਤਾ ਸੀ।

Posted By: Jagjit Singh