ਜੇਐੱਨਐੱਨ, ਅੰਮਿ੍ਤਸਰ : ਅਕਾਲੀ ਨੇਤਾ ਤੇ ਸਾਬਕਾ ਵਿਧਾਇਕ ਵੀਰ ਸਿੰਘ ਲੋਪੇਕੇ ਦੇ ਬੇਟੇ ਰਣਬੀਰ ਸਿੰਘ ਉਰਫ ਰਾਣਾ ਨੇ ਆਦਰਸ਼ ਨਗਰ ਇਲਾਕੇ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਦਸਵੀਂ ਜਮਾਤ 'ਚ ਪੜ੍ਹਦੇ 16 ਸਾਲਾ ਬੱਚੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮੁਲਜ਼ਮ ਰਾਣਾ ਦਾ ਕਹਿਣਾ ਸੀ ਕਿ ਪੀੜਤ ਨੇ ਉਸ ਦੀ ਗੱਡੀ ਨਾਲ ਟੱਕਰ ਮਾਰੀ ਹੈ ਜਦਕਿ ਪੀੜਤ ਨੂੰ ਹਾਲੇ ਤਕ ਗੱਡੀ ਵੀ ਚਲਾਉਣੀ ਨਹੀਂ ਆਉਂਦੀ।

ਇਹ ਵਾਰਦਾਤ ਦੋ ਦਸੰਬਰ ਦੇਰ ਸ਼ਾਮ ਦੀ ਹੈ। ਉਥੇ ਰੌਲਾ ਸੁਣ ਕੇ ਜਦੋਂ ਪੀੜਤ ਦੇ ਪਿਤਾ ਹਰਜਿੰਦਰ ਸਿੰਘ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਮਾਰਕੁੱਟ ਕੀਤੀ, ਇਥੋਂ ਤਕ ਕਿ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ। ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਉਥੋਂ ਫਰਾਰ ਹੋ ਗਏ। ਹਰਜਿੰਦਰ ਸਿੰਘ ਨੇ ਫੌਰਨ ਮਾਮਲੇ ਦੀ ਸੂਚਨਾ ਥਾਣਾ ਕੰਟੋਨਮੈਂਟ ਨੂੰ ਦਿੱਤੀ। ਪੁਲਿਸ ਨੇ ਮੁਲਜ਼ਮ ਰਾਣਾ ਸਮੇਤ ਉਸ ਦੇ ਸਾਥੀ ਹਨੀ, ਡਰਾਈਵਰ ਤੇ ਇਕ ਹੋਰ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੀੜਤ ਬੱਚੇ ਦੇ ਪਿਤਾ ਹਰਜਿੰਦਰ ਸਿੰਘ ਸਰਕਾਰੀ ਅਧਿਆਪਕ ਹਨ। ਇਸ ਤੋਂ ਇਲਾਵਾ ਉਹ ਸਮਾਜ ਸੇਵਕ ਵੀ ਹਨ। ਹਰਜਿੰਦਰ ਸਿੰਘ ਆਪਣਾ ਇਕ ਨਵਾਂ ਘਰ ਬਣਾ ਰਹੇ ਹਨ। ਦੋ ਦਸੰਬਰ ਦੀ ਸ਼ਾਮ ਉਹ ਆਪਣੇ ਘਰ 'ਚ ਹੀ ਸਨ। ਇਸੇ ਦੌਰਾਨ ਉਨ੍ਹਾਂ ਨੂੰ ਘਰ ਦੇ ਬਾਹਰ ਰੌਲਾ ਸੁਣਾਈ ਦਿੱਤਾ।

ਬਾਹਰ ਉਸ ਦੇ ਬੇਟੇ ਦਾ ਨਾਮ ਲੈ ਕੇ ਕੋਈ ਗਾਲ੍ਹਾਂ ਕੱਢ ਰਿਹਾ ਸੀ। ਜਦੋਂ ਉਹ ਬਾਹਰ ਗਏ ਤੇ ਮੁਲਜ਼ਮ ਰਾਣਾ ਤੇ ਉਸ ਦੇ ਸਾਥੀ ਉਸ ਦੇ ਬੇਟੇ ਦੀ ਕੁੱਟਮਾਰ ਕਰ ਰਹੇ ਸਨ। ਇਕ ਮੁਲਜ਼ਮ ਕੜੇ ਨਾਲ ਸਿਰ 'ਤੇ ਸੱਟਾਂ ਮਾਰ ਰਿਹਾ ਸੀ ਉਹ ਫੌਰਨ ਬਚਾਅ ਕਰਨ ਲੱਗ ਪਿਆ। ਮੁਲਜ਼ਮਾਂ ਨੇ ਉਨ੍ਹਾਂ 'ਤੇ ਵੀ ਹਮਲਾ ਕਰ ਦਿੱਤਾ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਪੱਗ ਵੀ ਹੇਠਾਂ ਡਿੱਗ ਗਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦੇ ਮੁਲਜ਼ਮ ਉਥੋਂ ਫ਼ਰਾਰ ਹੋ ਗਏ।

ਜਾਂਚ ਅਧਿਕਾਰੀ ਏਐੱਸਆਈ ਬਲਬੀਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਘਰੋਂ ਫਰਾਰ ਹਨ। ਛੇਤੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।