ਜੇਐੱਨਐੱਨ, ਅਜਨਾਲਾ : 66 ਕੇਵੀ ਸਬ-ਸਟੇਸ਼ਨ 'ਚ ਗੁਝਾਪੀਰ ਫੀਡਰ ਦੀ ਬਿਜਲੀ ਸਪਲਾਈ ਚਾਲੂ ਕਰਦੇ ਸਮੇਂ ਕਰੰਟ ਲੱਗਣ ਨਾਲ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਅਜਨਾਲਾ ਦੇ ਚੁਗਾਵਾਂ ਰੋਡ ਵਾਸੀ ਰਣਜੋਧ ਸਿੰਘ ਵਜੋਂ ਹੋਈ ਹੈ। ਪਾਵਰ ਹਾਊਸ 'ਚ ਮੌਜੂਦ ਐੱਸਐੱਸਏ ਸੁਖਰਾਜ ਸਿੰਘ ਨੇ ਦੱਸਿਆ ਕਿ ਉਸ ਦੀ ਰਾਤ ਦੀ ਡਿਊਟੀ ਖ਼ਤਮ ਹੋਣ 'ਤੇ ਉਸ ਦੀ ਥਾਂ ਰਣਜੋਧ ਸਿੰਘ ਡਿਊਟੀ 'ਤੇ ਆਇਆ ਸੀ। ਬੰਦ ਪਈ ਗੁਝਾਪੀਰ ਫੀਡਰ ਦੀ ਬਿਜਲੀ ਸਪਲਾਈ ਚਾਲੂ ਕਰਨ ਵੇਲੇ ਉਸ ਨੂੰ ਬਿਜਲੀ ਦਾ ਝਟਕਾ ਲੱਗ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਐੱਸਐੱਸਏ ਸੁਖਰਾਜ ਸਿੰਘ, ਹਰਜਿੰਦਰ ਸਿੰਘ ਆਦਿ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਗੁਝਾਪੀਰ ਫੀਡਰ ਦੀ ਇਹ ਟਰਾਲੀ ਕਰੀਬ ਡੇਢ ਸਾਲ ਤੋਂ ਖਰਾਬ ਚੱਲਦੀ ਆ ਰਹੀ ਹੈ। ਇਸ ਨੂੰ ਠੀਕ ਕਰਨ ਸਬੰਧੀ ਵਿਭਾਗ ਨੂੰ ਕਈ ਵਾਰ ਕਿਹਾ ਵੀ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਸ਼ੁੱਕਰਵਾਰ ਨੂੰ ਹਾਦਸੇ ਤੋਂ ਬਾਅਦ ਵਿਭਾਗ ਦੇ ਮੁਲਾਜ਼ਮ ਤੁਰੰਤ ਬਿਜਲੀ ਘਰ ਪਹੁੰਚੇ ਤੇ ਟਰਾਲੀ ਨੂੰ ਠੀਕ ਕਰਨ ਲੱਗ ਪਏ।

ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਐੱਸਐੱਸਈ ਵਿਪਿਨ ਵਿਜ ਨੇ ਦੱਸਿਆ ਕਿ ਟਰਾਲੀ 'ਚ ਵੱਡੀ ਖ਼ਰਾਬੀ ਨਹੀਂ ਸੀ। ਮੁਲਾਜ਼ਮਾਂ ਨੇ ਪਹਿਲਾਂ ਦੱਸਿਆ ਸੀ ਕਿ ਇਹ ਬ੍ਰੇਕਰ ਵਾਰ-ਵਾਰ ਸਲਿੱਪ ਹੁੰਦਾ ਹੈ, ਜਿਸ ਤੋਂ ਬਾਅਦ ਪਤਾ ਲੱਗਾ ਕਿ ਰਬੜ ਖ਼ਰਾਬ ਹੈ। ਇਹ ਨਹੀਂ ਪਤਾ ਕਿ ਮਿ੍ਤਕ ਰਣਜੋਧ ਸਿੰਘ ਨੇ ਇਸ ਨੂੰ ਬਦਲਿਆ ਸੀ ਕਿ ਨਹੀਂ।