ਜੇਐੱਨਐੱਨ, ਅੰਮ੍ਰਿਤਸਰ : ਨਸ਼ੇ ਦੀ ਆਦੀ ਲੜਕੀ ਜੰਜ਼ੀਰਾਂ ਖੋਲ੍ਹ ਕੇ ਖ਼ੁਦ ਹੀ ਆਜ਼ਾਦ ਹੋ ਗਈ। ਉਹ ਘਰ ਛੱਡ ਕੇ ਥਾਣੇ ਪਹੁੰਚੀ। ਸ਼ਿਕਾਇਤ ਦਿੱਤੀ ਕਿ ਉਸ ਦੀ ਭੈਣ ਤੰਗ ਕਰਦੀ ਹੈ, ਇਸ ਲਈ ਮਰਜ਼ੀ ਨਾਲ ਘਰ ਛੱਡ ਕੇ ਆਈ ਹੈ। ਦੂਸਰੇ ਪਾਸੇ ਲੜਕੀ ਦੀ ਮਾਂ ਨੇ ਵੀ ਪੁਲਿਸ 'ਚ ਸ਼ਿਕਾਇਤ ਦਿੱਤੀ ਹੈ ਕਿ ਲੜਕੀ ਆਪਣੇ ਨਸ਼ਾ ਸਮੱਗਲਰ ਪ੍ਰੇਮੀ ਨਾਲ ਫ਼ਰਾਰ ਹੋਈ ਹੈ। ਇਨ੍ਹਾਂ ਦੋਵਾਂ ਸ਼ਿਕਾਇਤਾਂ ਤੋਂ ਬਾਅਦ ਪੁਲਿਸ ਵੀ ਸ਼ਸ਼ੋਪੰਜ 'ਚ ਹੈ। ਕੌਣ ਸੱਚਾ-ਕੌਣ ਝੂਠਾ, ਇਹ ਸਵਾਲ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ।

ਅਸਲ ਵਿਚ ਜੰਜ਼ੀਰਾਂ 'ਚ ਬੱਝੀ ਇਹ ਲੜਕੀ ਨਸ਼ਾ ਕਰਦੀ ਹੈ। ਰਣਜੀਤ ਐਵੇਨਿਊ ਸਥਿਤ ਫੈਲਟਾਂ 'ਚ ਰਹਿਣ ਵਾਲੀ ਇਸ ਲੜਕੀ ਦੀ ਮਾਂ ਨੇ ਉਸ ਨੂੰ ਜੰਜ਼ੀਰਾਂ 'ਚ ਬੰਨ੍ਹ ਕੇ ਰੱਖਿਆ ਸੀ। ਇਹ ਮਾਮਲਾ ਪ੍ਰਸ਼ਾਸਨ ਤਕ ਵੀ ਪਹੁੰਚਿਆ ਪਰ ਲੀਡਰ ਤੇ ਅਧਿਕਾਰੀ ਪਰਿਵਾਰ ਨੂੰ ਧਰਵਾਸ ਦੇ ਕੇ ਚੱਲਦੇ ਬਣੇ। ਲੜਕੀ ਦੀ ਮਾਂ ਨੇ ਮਜਬੂਰੀ ਜ਼ਾਹਿਰ ਕਰਦਿਆਂ ਕਿਹਾ ਸੀ ਕਿ ਜੇਕਰ ਉਹ ਇਸ ਨੂੰ ਜੰਜ਼ੀਰਾਂ 'ਚ ਬੰਨ੍ਹ ਕੇ ਨਹੀਂ ਰੱਖੇਗੀ ਤਾਂ ਉਹ ਭੱਜ ਜਾਵੇਗੀ ਤੇ ਮੁੜ ਨਸ਼ਾ ਕਰਨ ਲੱਗੇਗੀ। ਲੜਕੀ ਲਈ ਸਰਕਾਰ ਨੇ ਡਾਕਟਰ ਦੀ ਘਰ 'ਚ ਹੀ ਵਿਵਸਥਾ ਕਰ ਦਿੱਤੀ ਸੀ। ਮੈਡੀਕਲ ਕਾਲਜ ਦੇ ਨਸ਼ਾ ਮੁਕਤੀ ਕੇਂਦਰ ਦੇ ਡਾਕਟਰ ਰੋਜ਼ਾਨਾ ਇੱਥੇ ਆ ਕੇ ਉਸ ਦਾ ਇਲਾਜ ਵੀ ਕਰ ਰਹੇ ਸਨ।

ਲੜਕੀ ਬੀਤੇ ਐਤਵਾਰ ਨੂੰ ਕਿਸੇ ਤਰ੍ਹਾਂ ਜੰਜ਼ੀਰਾਂ ਖੋਲ੍ਹ ਕੇ ਘਰੋਂ ਭੱਜ ਗਈ। ਇਸ ਤੋਂ ਬਾਅਦ ਹੰਗਾਮਾ ਮਚ ਗਿਆ। ਲੜਕੀ ਦੀ ਮਾਂ ਨੇ ਥਾਣਾ ਰਣਜੀਤ ਐਵੇਨਿਊ ਪਹੁੰਚੀ ਤੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਕਿਸੇ ਨਸ਼ਾ ਤਸਕਰ ਨਾਲ ਭੱਜ ਗਈ ਹੈ। ਇਸ ਤੋਂ ਬਾਅਦ ਅਚਾਨਕ ਲੜਕੀ ਵੀ ਥਾਣੇ ਪਹੁੰਚ ਗਈ। ਉਸ ਨੇ ਵੀ ਲਿਖ ਕੇ ਦਿੱਤਾ ਕਿ ਉਹ ਕਿਸੇ ਨਾਲ ਭੱਜੀ ਨਹੀਂ ਬਲਕਿ ਦੁਖੀ ਹੋ ਕੇ ਘਰ ਛੱਡਿਆ ਹੈ। ਉਸ ਦੀ ਭੈਣ ਉਸ ਨੂੰ ਤੰਗ ਕਰਦੀ ਹੈ। ਉਹ ਬਿਲਕੁਲ ਠੀਕ ਹੋ ਚੁੱਕੀ ਹੈ ਤੇ ਨਸ਼ਾ ਛੱਡ ਚੁੱਕੀ ਹੈ। ਪਰ ਫਿਰ ਵੀ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਹੈ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਦੀ ਜਾਂਚ ਕਰਵਾ ਲਈ ਜਾਵੇ, ਸਰੀਰ 'ਚ ਨਸ਼ੇ ਦੀ ਬਿਲਕੁਲ ਵੀ ਮਾਤਰਾ ਨਹੀਂ ਮਿਲੇਗੀ। ਏਧਰ, ਥਾਣਾ ਇੰਚਾਰਜ ਵਾਰਿਸ ਮਸੀਹ ਨੇ ਕਿਹਾ ਕਿ ਦੋਵੇਂ ਸ਼ਿਕਾਇਤਾਂ ਦੀ ਜਾਂਚ ਚੱਲ ਰਹੀ ਹੈ।

Posted By: Seema Anand