ਜੇਐੱਨਐੱਨ, ਤਰਨਤਾਰਨ : ਪਾਕਿਸਤਾਨ ਤੋਂ ਅਸਲਾ ਭੇਜਣ ਲਈ ਜੋ ਡਰੋਨ ਵਰਤਿਆ ਗਿਆ, ਉੁਸ ਨੂੰ ਨਸ਼ਟ ਕਰਨ ਵਾਲੇ ਰੋਮਨਦੀਪ ਸਿੰਘ ਨਾਲ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੀਪੀਐੱਸ ਹਰਮੀਤ ਸਿੰਘ ਸੰਧੂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ।

ਹਾਲਾਂਕਿ ਸੰਧੂ ਦਾ ਦਾਅਵਾ ਹੈ ਕਿ ਸਿਆਸੀ ਤੌਰ 'ਤੇ ਉਨ੍ਹਾਂ ਨੂੰ ਬਦਨਾਮ ਕਰਨ ਲਈ ਇਹ ਘਟੀਆ ਚਾਲ ਚੱਲੀ ਜਾ ਰਹੀ ਹੈ। ਮੂਲ ਰੂਪ ਨਾਲ ਪਿੰਡ ਚੀਚਾ ਨਿਵਾਸੀ ਦਿਲਬਾਗ ਸਿੰਘ ਚੱਕੀਵਾਲੇ ਦੇ ਪੁੱਤਰ ਰੋਮਨਦੀਪ ਸਿੰਘ ਨੂੰ ਬੀਤੇ ਦਿਨੀਂ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਗਿ੍ਫ਼ਤਾਰ ਕੀਤਾ ਸੀ। ਉਸ ਤੋਂ ਪੁੱਛਗਿੱਛ ਦੌਰਾਨ ਪਰਦਾਫਾਸ਼ ਹੋਇਆ ਸੀ ਕਿ ਡਰੋਨ ਸਾੜਨ ਲਈ ਉਸ ਨੇ ਸਾਜਨਪ੍ਰੀਤ ਸਿੰਘ ਤੋਂ ਇਕ ਲੱਖ ਦੀ ਰਾਸ਼ੀ ਵੀ ਲਈ ਸੀ।

ਅੱਤਵਾਦੀ ਰੋਮਨਦੀਪ ਸਿੰਘ ਕੱਚੀ ਉਮਰ 'ਚ ਹੀ ਹਥਿਆਰਾਂ ਦਾ ਸ਼ੌਕੀਨ ਰਿਹਾ ਹੈ। ਉਸ ਦੇ ਸਬੰਧ ਸਾਬਕਾ ਸੀਪੀਐੱਸ ਹਰਮੀਤ ਸਿੰਘ ਸੰਧੂ ਨਾਲ ਵੀ ਦੱਸੇ ਜਾਂਦੇ ਹਨ, ਕਿਉਂਕਿ ਸੋਸ਼ਲ ਮੀਡੀਆ 'ਤੇ ਹਰਮੀਤ ਸਿੰਘ ਸੰਧੂ ਦੇ ਚੋਣ ਪ੍ਰਚਾਰ ਤੋਂ ਇਲਾਵਾ ਹੋਰਨਾਂ ਸਮਾਗਮਾਂ 'ਚ ਉਸ ਦੀ ਸ਼ਮੂਲੀਅਤ ਦੀਆਂ ਤਸਵੀਰਾਂ ਖ਼ੁਫ਼ੀਆ ਏਜੰਸੀਆਂ ਹੱਥ ਲੱਗ ਚੁੱਕੀਆਂ ਹਨ।

ਸੂਤਰਾਂ ਮੁਤਾਬਕ ਰੋਮਨਦੀਪ ਸਿੰਘ ਨੇ ਝੱਬਾਲ ਖੇਤਰ ਦੇ ਕਈ ਪਿੰਡਾਂ 'ਚ ਆਪਣੇ ਸਾਥੀ ਸ਼ੁਭਦੀਪ ਸਿੰਘ ਤੇ ਅੱਤਵਾਦੀ ਆਕਾਸ਼ਦੀਪ ਸਿੰਘ ਨੂੰ ਰਾਤ ਠਹਿਰਣ ਲਈ ਨਵੇਂ ਟਿਕਾਣੇ ਬਣਾਏ ਗਏ ਸਨ। ਇੱਥੋਂ ਪੰਜਾਬ 'ਚ ਬੰਬ ਧਮਾਕੇ ਕਰਨ ਤੇ ਭੀੜ 'ਤੇ ਗੋਲ਼ੀਆਂ ਚਲਾ ਕੇ ਸਮੂਹਿਕ ਕਤਲੇਆਮ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ।

ਰੋਮਨਦੀਪ ਸਿੰਘ ਨਾਲ ਮੇਰਾ ਕੋਈ ਸਬੰਧ ਨਹੀਂ : ਸੰਧੂ

ਸਾਬਕਾ ਸੀਪੀਐੱਸ ਹਰਮੀਤ ਸਿੰਘ ਸੰਧੂ ਦਾ ਕਹਿਣਾ ਹੈ ਕਿ ਚੋਣ ਤੇ ਸਿਆਸੀ ਸਫਰ ਦੌਰਾਨ ਕਈ ਆਗੂਆਂ ਨਾਲ ਲੋਕ ਤਸਵੀਰਾਂ ਖਿਚਵਾਉਂਦੇ ਹਨ। ਅਜਿਹੇ 'ਚ ਉਨ੍ਹਾਂ ਨਾਲ ਨਿੱਜੀ ਸਬੰਧ ਜੋੜਨ ਗ਼ਲਤ ਹੈ। ਉਨ੍ਹਾਂ ਕਿਹਾ ਕਿ ਰੋਮਨਦੀਪ ਸਿੰਘ ਕੌਣ ਹੈ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ। ਸੰਧੂ ਕਹਿੰਦੇ ਹਨ ਕਿ ਤਰਨਤਾਰਨ ਧਮਾਕੇ ਦੌਰਾਨ ਜ਼ਖ਼ਮੀ ਗੁਰਜੰਟ ਸਿੰਘ ਜੰਟਾ ਦੀ ਰਿਸ਼ਤੇਦਾਰੀ ਅੰਮਿ੍ਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਹੈ। ਇਸ ਬਾਰੇ ਸਭ ਨੂੰ ਪਤਾ ਹੈ। ਮੇਰੀ ਰੋਮਨਦੀਪ ਸਿੰਘ ਨਾਲ ਨਾ ਤਾਂ ਕੋਈ ਰਿਸ਼ਤੇਦਾਰੀ ਹੈ ਤੇ ਨਾ ਹੀ ਕੋਈ ਸਬੰਧ।