ਧਰਮਵੀਰ ਸਿੰਘ ਮਲਹਾਰ, ਤਰਨਤਾਰਨ : ਖਡੂੁਰ ਸਾਹਿਬ ਲਿੰਕ ਰੋਡ 'ਤੇ ਚਾਰ ਸਤੰਬਰ ਨੂੰ ਜਦੋਂ ਬੰਬ ਧਮਾਕਾ ਹੋਇਆ ਤਾਂ ਅਗਲੇ ਹੀ ਦਿਨ ਜਾਂਚ ਲਈ ਐੱਨਆਈਏ ਸਮੇਤ ਕਈ ਏਜੰਸੀਆਂ ਨੇ ਇੱਥੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਜਾਂਚ ਦੇ ਪਹਿਲੇ ਦੌਰ 'ਚ ਹੀ ਐੱਨਆਈਏ ਦੇ ਹੱਥ ਅਜਿਹੇ ਸੁਰਾਗ਼ ਮਿਲੇ ਜਿਸ ਰਾਹੀਂ ਹੁਣ ਤਕ ਨੌਂ ਅੱਤਵਾਦੀ ਗਿ੍ਫ਼ਤਾਰ ਕੀਤੇ ਗਏ। ਇਨ੍ਹਾਂ ਅੱਤਵਾਦੀਆਂ ਤੋਂ ਪੁੱਛਗਿੱਛ ਦੌਰਾਨ ਕਈ ਅਜਿਹੇ ਸਬੂਤ ਸਾਹਮਣੇ ਆਏ ਹਨ ਜਿਨ੍ਹਾਂ ਰਾਹੀਂ ਇਹ ਪਤਾ ਲੱਗਾ ਹੈ ਕਿ ਜ਼ਿਲ੍ਹੇ ਦੇ ਸਬੰਧਤ ਚਾਰ ਸਾਬਕਾ ਅੱਤਵਾਦੀਆਂ ਦੇ ਤਾਰ ਪਾਕਿਸਤਾਨ 'ਚ ਬੈਠੇ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨਾਲ ਜੁੜੇ ਹੋਏ ਹਨ।

ਐੱਨਆਈਏ ਦੀ ਟੀਮ ਵੱਲੋਂ ਅੱਤਵਾਦੀ ਰੋਮਨਦੀਪ ਸਿੰਘ ਦੀ ਨਿਸ਼ਾਨਦੇਹੀ 'ਤੇ ਪਿੰਡੇ ਦੋਦੇ ਦੀ ਨਹਿਰ 'ਚੋਂ ਉਸ ਡਰੋਨ ਦੀ ਬੈਟਰੀ ਤੇ ਹੋਰ ਸਾਮਾਨ ਬਰਾਮਦ ਕੀਤਾ। ਇੱਥੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਵੱਲੋਂ ਚਾਰ ਦਿਨ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਗਈ ਸੀ।

ਕਸਬਾ ਚੋਹਲਾ ਸਾਹਿਬ ਦੇ ਨਜ਼ਦੀਕ 22 ਸਤੰਬਰ ਨੂੰ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਅੱਤਵਾਦੀਆਂ ਦੀ ਗਿ੍ਫ਼ਤਾਰੀ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਵੱਲੋਂ ਭੇਜੇ ਗਏ ਡਰੋਨ ਦੀ ਮਦਦ ਨਾਲ ਪੰਜਾਬ 'ਚ ਵੱਡੇ ਪੱਧਰ 'ਤੇ ਅਸਲਾ ਤੇ ਗੋਲ਼ਾ ਬਾਰੂਦ ਪਹੁੰਚ ਚੁੱਕਾ ਹੈ।

ਅਸਲਾ, ਗੋਲ਼ਾ ਬਾਰੂਦ ਤੇ ਜਾਅਲੀ ਕਰੰਸੀ ਦੀ ਵੱਡੀ ਖੇਪ ਨਾਲ ਫੜੇ ਗਏ ਚਾਰ ਅੱਤਵਾਦੀਆਂ ਦੇ ਤਾਰ ਕਸਬਾ ਝਬਾਲ ਨਿਵਾਸੀ ਰੋਮਨਦੀਪ ਸਿੰਘ ਨਾਂ ਦੇ 17 ਸਾਲਾ ਉਸ ਲੜਕੇ ਨਾਲ ਸਾਹਮਣੇ ਆਏ ਸਨ, ਜੋ ਕਹਿਣ ਨੂੰ ਝੱਬਾਲ 'ਚ ਆਟਾ ਚੱਕੀ ਚਲਾਉਂਦਾ ਸੀ। ਪਰ ਉਸ ਦੇ ਮਨਸੂਬੇ ਪੰਜਾਬ 'ਚ ਬੇਗੁਨਾਹ ਲੋਕਾਂ ਦਾ ਖ਼ੂਨ ਵਹਾਉਣ ਦੀ ਯੋਜਨਾ ਬਣਾਉਣ ਵਾਲੇ ਰਣਜੀਤ ਸਿੰਘ ਨੀਟਾ ਨਾਲ ਮਿਲਦੇ ਸਨ।

ਐਤਵਾਰ ਨੂੰ ਐੱਨਆਈਏ ਦੀ ਟੀਮ ਨੇ ਉਨ੍ਹਾਂ ਚਾਰ ਸਾਬਕਾ ਅੱਤਵਾਦੀਆਂ ਦਾ ਰਿਕਾਰਡ ਵੀ ਸਥਾਨਕ ਪੁਲਿਸ ਤੋਂ ਕਬਜ਼ੇ 'ਚ ਲਿਆ ਜਿਨ੍ਹਾਂ ਦਾ ਨਾਂ ਡਰੋਨ ਮਾਮਲੇ 'ਚ ਸਾਹਮਣੇ ਆ ਰਿਹਾ ਹੈ, ਕਿਹਾ ਜਾਂਦਾ ਹੈ ਕਿ ਇਨ੍ਹਾਂ ਚਾਰ ਸਾਬਕਾ ਅੱਤਵਾਦੀਆਂ ਦੀ ਕਾਲ ਡਿਟੇਲ ਪਾਕਿਸਤਾਨ ਨਾਲ ਜੁੜੀ ਹੈ।

ਸੂਤਰਾਂ ਮੁਤਾਬਕ ਤਾਂ ਡਰੋਨ ਨਸ਼ਟ ਕਰਨ ਤੋਂ ਬਾਅਦ ਰੋਮਨਦੀਪ ਸਿੰਘ ਨੇ ਸਾਰੇ ਮਾਮਲੇ ਦੀ ਜਾਣਕਾਰੀ ਪਾਕਿਸਤਾਨ 'ਚ ਬੈਠੇ ਕੇਜ਼ੈੱਡਐੱਫ ਦੇ ਮੁਖੀ ਰਣਜੀਤ ਸਿੰਘ ਨੀਟਾ ਨੂੰ ਫੋਨ ਕਰ ਕੇ ਦਿੱਤੀ। ਐੱਨਆਈਏ ਦੀ ਟੀਮ ਦੀ ਅਗਵਾਈ ਕਰਨ ਵਾਲੀ ਐੱਸਪੀ ਰੈਂਕ ਦੀ ਮਹਿਲਾ ਅਧਿਕਾਰੀ ਨੇ ਇਹ ਕਹਿੰਦਿਆਂ ਕੁਝ ਵੀ ਜਾਣਕਾਰੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਕਿ ਦਿੱਲੀ ਪੱਧਰ 'ਤੇ ਚੱਲ ਰਹੀ ਜਾਂਚ ਦਾ ਵੇਰਵਾ ਉੱਥੇ ਹੀ ਦਿੱਤਾ ਜਾ ਸਕਦਾ ਹੈ।

ਡਰੋਨ ਸਾੜਨ ਤੋਂ ਬਾਅਦ ਰਾਤ ਨੂੰ ਰੋਮਨਦੀਪ ਦੇ ਘਰ ਸੁੱਤੇ ਸਨ ਸ਼ੁੱਭਦੀਪ ਤੇ ਅਕਾਸ਼ਦੀਪ

ਪਾਕਿਸਤਾਨ ਤੋਂ ਅਸਲਾ ਲੈ ਕੇ ਆਏ ਡਰੋਨ ਨੂੰ ਨਸ਼ਟ ਕਰਨ ਲਈ ਪਿੰਡ ਖਾਪੜਖੇੜੀ ਨਿਵਾਸੀ ਅਕਾਸ਼ ਸਿੰਘ ਤੇ ਪਿੰਡ ਚੀਚਾ ਨਿਵਾਸੀ ਸ਼ੁੱਭਦੀਪ ਸਿੰਘ ਹੀ ਲੈ ਕੇ ਸਿੱਧੇ ਉਸ ਪਲਾਟ 'ਚ ਪੁੱਜੇ ਸਨ ਜਿੱਥੇ ਕੁਝ ਦਿਨ ਪਹਿਲਾਂ ਹੀ ਰੋਮਨਦੀਪ ਸਿੰਘ ਨੇ ਚਾਰ ਦੀਵਾਰੀ ਕਰਵਾਈ ਹੋਈ ਸੀ।

ਇੱਥੇ ਡਰੋਨ ਲੈ ਕੇ ਸ਼ਾਮ ਸਾਢੇ ਸੱਤ ਵਜੇ ਪਹੁੰਚੇ ਦੋਵੇਂ ਅੱਤਵਾਦੀਆਂ ਨੂੰ ਚਾਹ ਪਾਣੀ ਰੋਮਨਦੀਪ ਸਿੰਘ ਨੇ ਮੁਹੱਈਆ ਕਰਵਾਇਆ। ਫਿਰ ਪਲਾਟ ਦੇ ਬੰਦ ਪਏ ਸ਼ੈਲਰ ਦੇ ਕਮਰੇ 'ਚ ਡਰੋਨ ਨੂੰ ਨਸ਼ਟ ਕਰਨ ਲਈ ਅੱਗ ਲਗਾਈ ਗਈ। ਅੱਗ ਧੂੰਆਂ ਫੈਲਣ ਤੋਂ ਬਚਾਅ ਲਈ ਰੋਮਨਦੀਪ ਸਿੰਘ ਨੇ ਕਮਰੇ ਦੀ ਇਕ ਦੀਵਾਰ ਤੋੜ ਦਿੱਤੀ ਸੀ। ਇਸ ਤੋਂ ਬਾਅਦ ਰੋਮਨਦੀਪ ਆਪਣੇ ਦੋਵਾਂ ਸਾਥੀਆਂ ਅਕਾਸ਼ਦੀਪ ਤੇ ਸ਼ੁੱਭਦੀਪ ਸਿੰਘ ਨੂੰ ਲੈ ਕੇ ਆਪਣੇ ਘਰ ਪੁੱਜਾ। ਇਥੇ ਇਕ ਕਮਰੇ 'ਚ ਤਿੰਨਾਂ ਨੇ ਰਾਤ ਗੁਜ਼ਾਰੀ ਸੀ।