ਨਿਤਿਨ ਧੀਮਾਨ, ਅੰਮਿ੍ਤਸਰ : ਗੁਰੂ ਨਾਨਕ ਦੇਵ ਹਸਪਤਾਲ (ਡੀਐੱਨਡੀਐੱਚ) 'ਚ 41.43 ਲੱਖ ਰੁਪਏ ਦੀ ਲਾਗਤ ਨਾਲ ਖ਼ਰਦੀਆਂ ਗਈਆਂ ਦੋ ਹਜ਼ਾਰ ਪੀਪੀਈ ਕਿੱਟਾਂ 'ਚ ਕਥਿਤ ਘਪਲੇ ਦੀ ਜਾਂਚ ਹਾਲੇ ਅਧੂਰੀ ਹੈ। ਸੱਤ ਜੂਨ ਨੂੰ ਕਿੱਟ ਦੀ ਜਾਂਚ ਦਾ ਸੈਂਪਲ ਜਾਂਚ ਲਈ ਰੱਖਿਆ ਖੋਜ ਤੇ ਵਿਕਾਸ ਸੰਸਥਾਨ (ਡੀਆਰਡੀਓ) ਦਿੱਲੀ ਭੇਜਿਆ ਸੀ। ਉਥੋਂ ਹਾਲੇ ਤਕ ਰਿਪੋਰਟ ਨਹੀਂ ਮਿਲੀ ਹੈ। ਇਸ ਤੋਂ ਪਹਿਲਾਂ ਹੀ ਬੁੱਧਵਾਰ ਨੂੰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਨੇ ਮੈਡੀਕਲ ਕਾਲਜ ਦੀ ਪ੍ਰਿੰਸੀਪਲ ਡਾ. ਸੁਜਾਤਾ ਸ਼ਰਮਾ ਨੂੰ ਅਹੁਦੇ ਤੋਂ ਹਟਾ ਦਿੱਤਾ। ਉਥੇ ਹੀ ਸ਼ਿਕਾਇਤਕਰਤਾ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਸ਼ਿਵਚਰਨ ਦੀ ਬਦਲੀ ਵੀ ਪਟਿਆਲਾ ਕਰ ਦਿੱਤੀ ਗਈ।

ਕਾਲਜ ਪ੍ਰਸ਼ਾਸਨ ਦੀਆਂ ਦੋਵੇਂ ਕਮੇਟੀਆਂ ਨੇ ਸੌਂਪੀ ਜਾਂਚ ਰਿਪੋਟ

ਮਾਮਲੇ ਦੀ ਜਾਂਚ ਲਈ ਡਾ. ਸੁਜਾਤਾ ਸ਼ਰਮਾ ਨੇ ਹੀ ਅਨਾਟਮੀ ਵਿਭਾਗ ਦੇ ਇੰਚਾਰਜ ਡਾ. ਜੇਐੱਸ ਕੁਲਾਰ 'ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਸੀ। ਨਾਲ ਹੀ ਇਕ ਸਪੈਸ਼ਲ ਕੋ-ਆਰਡੀਨੇਸ਼ਨ ਟੀਮ ਵੀ ਬਣਾਈ ਸੀ. ਜਿਸ ਦੇ ਚੇਅਰਮੈਨ ਅਨੈਸਥੀਸੀਆ ਵਿਭਾਗ ਦੇ ਪ੍ਰੋਫੈਸਰ ਡਾ. ਜੇਪੀ ਅੱਤਰੀ ਨੂੰ ਲਗਾਇਆ ਗਿਆ। ਦੋਵੇਂ ਕਮੇਟੀਆਂ 'ਚ ਮੈਡੀਕਲ ਕਾਲਜ ਦੇ ਕੁੱਲ 20 ਡਾਕਟਰਾਂ ਨੂੰ ਸ਼ਾਮਲ ਕੀਤਾ ਗਿਆ ਸੀ। ਡਾ. ਕੁਲਾਰ ਤੇ ਡਾ. ਜੇਪੀ ਅੱਤਰੀ ਨੇ ਬੰਦ ਲਿਫਾਫੇ 'ਚ ਰਿਪੋਰਟ ਪ੍ਰਿੰਸੀਪਲ ਦੇ ਦਫਤਰ ਜਮ੍ਹਾਂ ਕਰਵਾ ਦਿੱਤੀ ਸੀ।

ਕੰਪਨੀ ਨੂੰ ਵਾਪਸ ਭੇਜ ਦਿੱਤੀਆਂ ਗਈਆਂ ਹਨ ਸਾਰੀਆਂ ਕਿੱਟਾਂ

ਕਥਿਤ ਘਪਲਾ ਸਾਹਮਣੇ ਆਉਣ ਤੋਂ ਬਾਅਦ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਪੁੱਡਾ ਦੀ ਪ੍ਰਸ਼ਾਸਕ ਡਾ. ਪੱਲਵੀ ਚੌਧਰੀ ਨੂੰ ਜਾਂਚ ਜੀ ਜ਼ਿੰਮੇਵਾਰੀ ਸੌਂਪੀ। ਮਈ ਤੇ ਜੂਨ 'ਚ ਡਾ. ਪੱਲਵੀ ਦੋ ਵਾਰ ਮਾਮਲੇ ਦੀ ਜਾਂਚ ਲਈ ਗੁਰੂ ਨਾਨਕ ਦੇਵ ਹਸਪਤਾਲ ਗਈ ਪਰ ਕੋਈ ਹੱਲ ਨਹੀਂ ਨਿਕਲਿਆ। ਹਾਲਾਂਕਿ ਇਸ ਸਭ ਦੇ ਵਿਚ ਪ੍ਰਿੰਸੀਪਲ ਨੇ ਇਹ ਸਾਰੀਆਂ ਕਿੱਟਾਂ ਕੰਪਨੀ ਨੂੰ ਵਾਪਸ ਭੇਜ ਦਿੱਤੀਆਂ ਤੇ ਭੁਗਤਾਨ ਦੀ ਮੰਗ ਕੀਤੀ।

ਟੈਸਟ ਰਿਪੋਰਟ ਲਈ ਰਿਮਾਂਈਡਰ ਭੇਜਿਆ : ਡਾ. ਸ਼ਰਮਾ

ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ ਨੇ ਕਿਹਾ ਕਿ ਹਾਲੇ ਡੀਆਰਡੀਓ ਦਿੱਲੀ ਤੋਂ ਪੀਪੀਈ ਕਿੱਟ ਦੀ ਟੈਸਟ ਰਿਪੋਰਟ ਨਹੀਂ ਆਈ ਹੈ। ਇਸੇ ਹਫਤੇ ਰਿਮਾਈਂਡਰ ਭੇਜ ਕੇ ਰਿਪੋਰਟ ਮੰਗੀ ਗਈ ਹੈ। ਇਸ ਤੋਂ ਬਾਅਦ ਹੀ ਪੀਪੀਈ ਕਿੱਟ ਦੀ ਕੁਆਲਿਟੀ ਦਾ ਪਤਾ ਲੱਗੇਗਾ।

ਅਧਿਕਾਰੀਆਂ ਦੀ ਸਹਿਮਤੀ ਨਾਲ ਹੋਇਆ ਡਾ. ਸੁਜਾਤਾ ਜਾ ਤਬਾਦਲਾ : ਸੋਨੀ

ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਪੀਪੀਈ ਕਿੱਟਾਂ ਕਾਰਨ ਡਾ. ਸੁਜਾਤਾ ਨੂੰ ਹਟਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਅਧਿਕਾਰੀ ਪਿਛਲੇ ਦਿਨੀਂ ਗੁਰੂ ਨਾਨਕ ਦੇਵ ਹਸਪਤਾਲ ਗਏ ਸਨ। ਉਨ੍ਹਾਂ ਨੇ ਹੀ ਡਾ. ਸੁਜਾਤਾ ਨੂੰ ਪ੍ਰਿੰਸੀਪਲ ਦੇ ਅਹੁਦੇ ਤੋਂ ਹਟਾਉਣ 'ਤੇ ਸਹਿਮਤੀ ਦਿੱਤੀ ਸੀ।

ਮੇਰੇ ਫੰਡ ਦੀ ਹੋਈ ਦੁਰਵਰਤੋ : ਔਜਲਾ

ਐੱਮਪੀ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੀਪੀਈ ਕਿੱਟ ਘਪਲਾ ਉਨ੍ਹਾਂ ਦੇ ਫੰਡਾਂ ਦੀ ਦੁਰਵਰਤੋ ਹੈ। 28 ਮਾਰਚ ਨੂੰ ਉਨ੍ਹਾਂ ਨੇ ਇਕ ਕਰੋੜ ਰੁਪਏ ਜਾਰੀ ਕੀਤੇ ਸਨ। ਉਹ ਇਸ ਮਾਮਲੇ 'ਤੇ ਮਿੱਟੀ ਨਹੀਂ ਪਾਉਣ ਦੇਣਗੇ।