ਜ.ਸ., ਅੰਮਿ੍ਤਸਰ : ਪੰਜਾਬ ਵਿਚ ਵਿਗੜੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੀਪੀਸੀਸੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਨ ਵਿਚ ਕੋਈ ਕਸਰ ਨਹੀਂ ਛੱਡਦੇ। ਬੁੱਧਵਾਰ ਨੂੰ ਉਨ੍ਹਾਂ ਦੀ ਪਤਨੀ ਅਤੇ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਸਿੱਧੂ ਨੇ ਵੀ ਇਸ 'ਤੇ ਟਵੀਟ ਕਰਕੇ ਸਰਕਾਰ ਨੂੰ ਤਾਂ ਘੇਰਿਆ ਹੀ, ਨਾਲ ਹੀ ਸਾਬਕਾ ਆਈਜੀ ਅਤੇ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਮੱਰਥਨ ਕਰਦੇ ਹੋਏ ਉਨ੍ਹਾਂ ਨੂੰ ਗ੍ਰਹਿ ਮੰਤਰੀ ਬਣਾਉਣ ਦੀ ਵੀ ਆਵਾਜ਼ ਬੁਲੰਦ ਕੀਤੀ। ਵਿਧਾਨ ਸਭਾ ਚੋਣਾਂ ਤੋਂ ਬਾਅਦ ਡਾ. ਸਿੱਧੂ ਦਾ ਇਹ ਪਹਿਲਾ ਰਾਜਨੀਤਕ ਟਵੀਟ ਹੈ।

ਡਾ. ਨਵਜੋਤ ਕੌਰ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਟਵੀਟ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਵਿਚ ਜੁਰਮ ਨੇ ਹੱਦਾਂ ਪਾਰ ਕਰ ਲਈਆਂ ਹਨ। ਉਨ੍ਹਾਂ ਦੀ ਸਮਝ ਤੋਂ ਪਰੇ ਹੈ ਕਿ ਪੰਜਾਬ ਸਰਕਾਰ ਕੋਲ ਸਮਰੱਥਾਵਾਨ ਅਤੇ ਉੱਚ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ ਅਤੇ ਉਨ੍ਹਾਂ ਨੂੰ ਗ੍ਰਹਿ ਮੰਤਰੀ ਪੰਜਾਬ ਦਾ ਅਹੁਦਾ ਕਿਉਂ ਨਹੀਂ ਦਿੱਤਾ ਗਿਆ। ਜਦੋਂ ਕੁੰਵਰ ਵਿਜੇ ਅੰਮਿ੍ਤਸਰ ਵਿਚ ਤਾਇਨਾਤ ਸਨ, ਕਿਸੇ ਵਿਚ ਵੀ ਕਰਾਈਮ ਕਰਨ ਦੀ ਹਿੰਮਤ ਨਹੀਂ ਹੁੰਦੀ ਸੀ, ਕਿਉਂਕਿ ਕੁਝ ਘੰਟਿਆਂ ਦੇ ਅੰਦਰ ਹੀ ਅਪਰਾਧੀ ਨੂੰ ਫੜ ਲਿਆ ਜਾਂਦਾ ਅਤੇ ਦੰਡਿਤ ਕੀਤਾ ਜਾਂਦਾ ਸੀ। ਨਾਲ ਹੀ ਵੀਆਈਪੀ ਵੀ ਉਨ੍ਹਾਂ ਨੂੰ ਗਲਤ ਕਹਿਣ ਤੋਂ ਕਤਰਾਉਂਦੇ ਸਨ। ਤਦ ਗੈਂਗਸਟਰ, ਸਨੈਚਰਸ ਅਤੇ ਚੋਰ ਗਾਇਬ ਹੋ ਗਏ ਸਨ।ਦੱਸਣਯੋਗ ਹੈ ਕਿ ਸਿੱਧੂ ਪਰਿਵਾਰ ਸ਼ੁਰੂ ਤੋਂ ਹੀ ਕੁੰਵਰ ਵਿਜੇ ਦਾ ਸਮੱਰਥਕ ਰਿਹਾ ਹੈ ਅਤੇ ਜਦੋਂ ਸਿੱਧੂ ਭਾਜਪਾ ਦੇ ਸੰਸਦ ਸਨ ਤਾਂ ਉਨ੍ਹਾਂ ਨੇ ਸਾਲ 2007 ਦੀ ਬਾਦਲ ਸਰਕਾਰ ਵਿਚ ਕੁੰਵਰ ਨੂੰ ਅੰਮਿ੍ਤਸਰ ਦਾ ਐੱਸਐੱਸਪੀ ਬਣਵਾਇਆ ਸੀ। ਇੰਨਾ ਹੀ ਨਹੀਂ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਸਿੱਧੂ ਵਿਚ ਆਈ ਦਰਾੜ ਦਾ ਇਕ ਕਾਰਨ ਵੀ ਕੁੰਵਰ ਵਿਜੇ ਪ੍ਰਤਾਪ ਹੀ ਬਣੇ ਸਨ।