ਰਮੇਸ਼ ਰਾਮਪੁਰਾ, ਅੰਮਿ੍ਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਕਲਾ ਜਗਤ ਦੇ ਮਹਾਂਰਥੀ ਚਿੱਤਰਕਾਰ ਡਾ. ਬਲਦੇਵ ਗੰਭੀਰ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 'ਸ੍ਰੀ ਗੁਰੂ ਨਾਨਕ ਦੇਵ ਜੀ ਅਚੀਵਰਜ਼ ਐਵਾਰਡ' ਅਤੇ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ। ਜ਼ਿਕਰਯੋਗ ਹੈ ਕਿ ਡਾ. ਬਲਦੇਵ ਗੰਭੀਰ ਨੇ ਬੀਬੀਕੇ ਡੀਏਵੀ ਕਾਲਜ ਵਿਖੇ ਫਾਈਨ ਆਰਟ ਵਿਭਾਗ ਦੀ ਸ਼ੁਰੂਆਤ ਵੀ ਕਰਵਾਈ ਸੀ ਅਤੇ ਇਸ ਫਾਈਨ ਆਰਟ ਵਿਭਾਗ ਦੇ ਮੁਖੀ ਵੀ ਰਹੇ। ਉਨ੍ਹਾਂ ਦੀ ਅਗਵਾਈ ਹੇਠ ਅਨੇਕਾਂ ਕਲਾਕਾਰਾਂ ਨੇ ਪ੍ਰਸਿੱਧੀ ਪ੍ਰਰਾਪਤ ਕੀਤੀ। ਉਨ੍ਹਾਂ ਉੱਪਰ ਦੋ ਖੋਜ ਵਿਦਿਆਰਥੀਆਂ ਵੱਲੋਂ ਪੀਐੱਚਡੀ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਠਾਕੁਰ ਸਿੰਘ ਆਰਟ ਗੈਲਰੀ, ਕੇਟੀ ਕਲਾ ਅਤੇ ਵਿਰਸਾ ਵਿਹਾਰ ਦੀ ਪ੍ਰਬੰਧਕੀ ਕਮੇਟੀ ਵਿਚ ਰਹਿ ਕੇ ਕਲਾ ਦੇ ਹੋਰ ਪ੍ਰਚਾਰ ਅਤੇ ਪਸਾਰ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਸੂਬਾ ਪੱਧਰੀ ਐਵਾਰਡ ਪ੍ਰਦਾਨ ਕੀਤਾ ਗਿਆ ਹੈ। ਡਾ. ਬਲਦੇਵ ਗੰਭੀਰ ਨੂੰ ਇਹ ਐਵਾਰਡ ਮਿਲਣ 'ਤੇ ਸਮੂਹ ਕਲਾ ਜਗਤ ਵਿਚ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਕੇਟੀ ਕਲਾ ਦੇ ਸਕੱਤਰ ਰਾਜੇਸ਼ ਰੈਣਾ ਅਤੇ ਡਾਇਰੈਕਟਰ ਬਿ੍ਜੇਸ਼ ਜੌਲੀ ਵੱਲੋਂ ਉਨ੍ਹਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ।