ਨਿਤਿਨ ਧੀਮਾਨ, ਅੰਮ੍ਰਿਤਸਰ : ਕਾਰਟੂਨ ਕਰੈਕਟਰ ਛੋਟਾ ਭੀਮ (Chhota Bheem) ਤੇ ਡੋਰੇਮੋਨ (Doraemon) ਪ੍ਰਤੀ ਬੱਚਿਆਂ ਦੀ ਦੀਵਾਨਗੀ ਇਸ ਕਦਰ ਹੈ ਕਿ ਉਹ ਟੀਵੀ ਜਾਂ ਮੋਬਾਈਲ 'ਤੇ ਇਨ੍ਹਾਂ ਦੋਵਾਂ ਕਾਲਪਨਿਕ ਪਾਤਰਾਂ ਨੂੰ ਦੇਖਦੇ ਹੋਏ ਖਾਣਾ-ਪੀਣਾ ਤਕ ਭੁੱਲ ਜਾਂਦੇ ਹਨ। ਇਨ੍ਹਾਂ ਦੇ ਪ੍ਰਤੀ ਬੱਚਿਆਂ ਦਾ ਆਕਰਸ਼ਣ ਹੀ ਅਜਿਹਾ ਹੈ। ਅੱਜਕਲ੍ਹ ਜਦੋਂ ਕੋਰੋਨਾ ਮਹਾਮਾਰੀ ਕਾਰਨ ਵਿਦਿਅਕ ਅਦਾਰੇ ਬੰਦ ਹਨ ਤਾਂ ਜ਼ਿਆਦਾਤਰ ਬੱਚੇ ਆਪਣਾ ਸਮਾਂ ਟੀਵੀ 'ਤੇ ਇਨ੍ਹਾਂ ਕਾਰਟੂਨ ਕਿਰਦਾਰਾਂ ਨੂੰ ਦੇਖ ਕੇ ਗੁਜ਼ਾਰ ਰਹੇ ਹਨ।

ਮੈਡੀਕਲ ਸਿੱਖਿਆ ਵਿਭਾਗ ਵੱਲੋਂ ਸੰਚਾਲਿਤ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) 'ਚ ਇਨ੍ਹਾਂ ਕਾਰਟੂਨ ਪਾਤਰਾਂ ਨੂੰ ਦਿਖਾ ਕੇ ਬਿਮਾਰ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਸਪਤਾਲ ਦੇ ਪੀਡਿਆਟ੍ਰਿਕ ਵਾਰਡ ਦੀਆਂ ਕੰਧਾਂ 'ਤੇ ਡੋਰੇਮੋਨ, ਛੋਟਾ ਭੀਮ, ਨੋਬਿਤਾ ਦੀ ਪੇਂਟਿੰਗ ਉਕੇਰੀ ਗਈ ਹੈ। ਅਸਲ ਵਿਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦਾ ਜ਼ਿਆਦਾ ਖ਼ਤਰਾ ਬੱਚਿਆਂ ਉੱਪਰ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਅਜਿਹੇ ਵਿਚ ਤੀਸਰੀ ਲਹਿਰ 'ਚ ਜੇਕਰ ਬੱਚੇ ਇਨਫੈਕਟਿਡ ਹੋਏ ਤਾਂ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਨੂੰ ਸੁਖਦ ਮਾਹੌਲ ਦੇਣ ਲਈ ਛੋਟਾ ਭੀਮ ਤੇ ਡੋਰੇਮੋਨ ਦੇ ਚਿੱਤਰ ਬਣਾਏ ਗਏ ਹਨ ਜੋ ਇਨ੍ਹਾਂ ਦੇ ਮਨ ਤੇ ਦਿਮਾਗ਼ 'ਚ ਆਤਮਵਿਸ਼ਵਾਸ ਤੇ ਨਿਡਰਤਾ ਦਾ ਭਾਵ ਵਿਕਸਤ ਕਰਨਗੇ। ਅਜਿਹਾ ਸ਼ਿਸ਼ੂ ਰੋਗ ਮਾਹਿਰਾਂ ਦਾ ਮੰਨਣਾ ਹੈ।

ਪੰਜ ਤੋਂ 10 ਸਾਲ ਤਕ ਦੇ ਬੱਚੇ ਉਸ ਸਥਿਤੀ 'ਚ ਇਨ੍ਹਾਂ ਕਾਰਟੂਨ ਕਿਰਦਾਰਾਂ ਨੂੰ ਯਾਦ ਕਰਦੇ ਹਨ ਜਦੋਂ ਉਹ ਕਿਸੇ ਪਰੇਸ਼ਾਨੀ 'ਚ ਹੁੰਦੇ ਹਨ। ਹਾਲਾਂਕਿ ਬੱਚਿਆਂ ਦੀਆਂ ਪਰੇਸ਼ਾਨੀਆਂ ਜ਼ਿਆਦਾ ਵੱਡੀਆਂ ਨਹੀਂ ਹੁੰਦੀਆਂ। ਉਨ੍ਹਾਂ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਕੋਈ ਵੀ ਕੰਮ ਇਹ ਕਾਰਟੂਨ ਕਿਰਦਾਰ ਕਰ ਸਕਦੇ ਹਨ। ਇਹ ਆਇਡੀਆ ਪੀਡਿਆਟ੍ਰਿਕ ਵਿਭਾਗ ਦੀ ਪ੍ਰੋਫੈਸਰ ਡਾ. ਮਨਮੀਤ ਸੋਢੀ ਦਾ ਹੈ।

ਆਰਥੋ ਤੇ ਗਾਇਨੀ ਵਾਰਡ 'ਚ ਵੀ ਬੱਚਿਆਂ ਲਈ ਆਈਸੋਲੇਸ਼ਨ ਵਾਰਡ ਤਿਆਰ

ਗੁਰੂ ਨਾਨਕ ਦੇਵ ਹਸਪਤਾਲ (GNDH) ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਇਨਫੈਕਟਿਡ ਬੱਚੇ ਜਦੋਂ ਹਸਪਤਾਲ ਇਲਾਜ ਲਈ ਜਾਣਗੇ ਤਾਂ ਉਨ੍ਹਾਂ ਨੂੰ ਕੰਧਾਂ ਉੱਪਰ ਛੋਟਾ ਭੀਮ, ਡੋਰੇਮੋਨ, ਟੌਮ ਐਂਡ ਜੈਰੀ, ਓਗੀ, ਮੋਟੂ-ਪਤਲੂ, ਬੈੱਨ-ਟੈੱਨ, ਬਬਲੂ-ਡਬਲੂ, ਡੋਰਾ, ਜੌਨ ਤੇ ਰੰਗ-ਬਰੰਗੇ ਫੁੱਲਾਂ ਦੀਆਂ ਪੇਟਿੰਗ ਲੁਭਾਉਣਗੀਆਂ। ਇਸ ਤੋਂ ਇਲਾਵਾ ਆਰਥੋ ਤੇ ਗਾਇਨੀ ਵਾਰਡ 'ਚ ਬੱਚਿਆਂ ਲਈ ਆਈਸੋਲੇਸ਼ਨ ਵਾਰਡ ਤਿਆਰ ਕਰ ਦਿੱਤਾ ਗਿਆ ਹੈ। ਇਨ੍ਹਾਂ ਵਾਰਡਾਂ ਦੀਆਂ ਕੰਧਾਂ 'ਤੇ ਵੀ ਕਾਰਟੂਨ ਕਿਰਦਾਰ ਉਕੇਰੇ ਜਾ ਰਹੇ ਹਨ।

Posted By: Seema Anand