ਜਸਪਾਲ ਸਿੰਘ ਜੱਸੀ/ਪ੍ਰਤਾਪ ਸਿੰਘ, ਤਰਨਤਾਰਨ : ਡੋਪ ਟੈਸਟ ਪੌਜ਼ਿਟਿਵ ਆਉਣ 'ਤੇ ਇਕ ਦਰਜਨ ਪੁਲਿਸ ਕਰਮਚਾਰੀਆਂ ਨੂੰ ਵੀਰਵਾਰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ, ਜਦੋਂਕਿ ਦੋ ਮੁਲਾਜ਼ਮਾਂ ਨੂੰ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਨੇ ਪਹਿਲਾਂ ਹੀ ਬਰਖ਼ਾਸਤ ਕਰ ਦਿੱਤਾ ਸੀ। ਇਹ ਮਾਮਲਾ ਪਿਛਲੇ ਕਈ ਦਿਨਾਂ ਤੋਂ ਤਰਨਤਾਰਨ ਜ਼ਿਲ੍ਹੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਤਰਨਤਾਰਨ ਦੇ ਐੱਸਐੱਸਪੀ ਧਰੁਵ ਦਹੀਆ ਨੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਵਿਚ ਤਾਇਨਾਤ 23 ਕਰਮਚਾਰੀਆਂ ਦਾ ਡੋਪ ਟੈਸਟ ਤਰਨਤਾਰਨ ਜ਼ਿਲ੍ਹੇ 'ਚੋਂ ਕਰਵਾਏ ਸਨ ਅਤੇ ਸਾਰੇ ਨੈਗੇਟਿਵ ਪਾਏ ਗਏ ਸਨ।

ਰਿਪੋਰਟ 'ਤੇ ਭਰੋਸਾ ਨਾ ਕਰਦਿਆਂ ਐੱਸਐੱਸਪੀ ਨੇ ਇਨ੍ਹਾਂ ਦੇ ਮੁੜ ਡੋਪ ਟੈਸਟ ਅੰਮਿ੍ਤਸਰ ਤੋਂ ਕਰਵਾਏ ਤਾਂ 23 ਵਿਚੋਂ 14 ਦੇ ਡੋਪ ਟੈਸਟ ਪੌਜ਼ਿਟਿਵ ਪਾਏ ਗਏ, ਜਿਸ ਤੋਂ ਬਾਅਦ ਐੱਸਐੱਸਪੀ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ। ਦੋ ਦਿਨ ਪਹਿਲਾਂ ਹੀ ਡੀਸੀ ਨੇ ਏਡੀਸੀ ਜਨਰਲ ਸੰਦੀਪ ਕੁਮਾਰ ਦੀ ਅਗਵਾਈ ਹੇਠ ਜਾਂਚ ਟੀਮ ਦਾ ਗਠਨ ਕੀਤਾ, ਜੋ 15 ਦਿਨਾਂ 'ਚ ਰਿਪੋਰਟ ਦੇਵੇਗੀ। ਉਕਤ ਘਟਨਾਕ੍ਰਮ ਤੋਂ ਬਾਅਦ ਸਿਹਤ ਵਿਭਾਗ ਵਿਚ ਜਿਥੇ ਹਫੜਾ-ਦਫੜੀ ਬਣੀ ਹੋਈ ਸੀ।

ਐੱਸਪੀ ਨੇ ਕਿਹਾ, ਬਰਖ਼ਾਸਤ ਕੀਤੇ ਗਏ ਹਨ ਕਰਮਚਾਰੀ

ਇਸ ਸਬੰਧੀ ਤਰਨਤਾਰਨ ਦੇ ਐੱਸਪੀ ਪੜਤਾਲ ਜਗਜੀਤ ਸਿੰਘ ਵਾਲੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਬੀਤੇ ਦਿਨੀਂ 23 ਕਰਮਚਾਰੀਆਂ ਦਾ ਡੋਪ ਟੈਸਟ ਕਰਵਾਇਆ ਗਿਆ ਸੀ ਜਿਨ੍ਹਾਂ ਵਿਚੋਂ 14 ਪੌਜ਼ਿਟਿਵ ਪਾਏ ਗਏ ਸਨ ਅਤੇ ਇਨ੍ਹਾਂ ਵਿਚੋਂ ਦੋ ਪਹਿਲਾਂ ਹੀ ਬਰਖ਼ਾਸਤ ਕੀਤੇ ਜਾ ਚੁੱਕੇ ਹਨ। ਜਦੋਂਕਿ ਬਾਕੀ ਕਰਮਚਾਰੀਆਂ ਨੂੰ ਅੱਜ ਐੱਸਐੱਸਪੀ ਧਰੁਵ ਦਹੀਆ ਵੱਲੋਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ।