ਰਾਜਨ ਚੋਪੜਾ, ਭਿੱਖੀਵਿੰਡ : ਪਿੰਡ ਮਾੜੀ ਉਧੋਕੇ ਵਿਖੇ ਨੂੰਹ ਦੇ ਪੇਕੇ ਪਰਿਵਾਰ ਵੱਲੋਂ ਕਥਿਤ ਤੌਰ 'ਤੇ ਕੁੱਟਮਾਰ ਕਰਨ ਕਰਕੇ ਕੁਝ ਦਿਨ ਪਹਿਲਾਂ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਗਈ ਸੀ। ਜਿਸਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਥਾਣਾ ਖਾਲੜਾ ਦੀ ਪੁਲਿਸ ਨੇ ਇਸ ਸਬੰਧੀ ਪਹਿਲਾਂ ਤੋਂ ਦਰਜ ਕੀਤੇ ਕੇਸ ਵਿਚ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਸ਼ਾਮਿਲ ਕਰ ਲਈਆਂ ਹਨ।

ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਸਬੀਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਮਾੜੀ ਉਦੋਕੇ ਨੇ ਦੱਸਿਆ ਸੀ ਕਿ ਉਸਦੇ ਲੜਕੇ ਮਨਦੀਪ ਸਿੰਘ ਦਾ ਆਪਣੀ ਪਤਨੀ ਪਵਨਦੀਪ ਕੌਰ ਨਾਲ ਝਗੜਾ ਰਹਿੰਦਾ ਸੀ। ਜਿਸ ਕਾਰਨ ਉਨ੍ਹਾਂ ਦੀ ਨੂੰਹ ਦੇ ਪੇਕਿਆਂ ਵੱਲੋਂ ਆ ਕੇ ਉਸਦੇ ਲੜਕੇ ਅਤੇ ਪਤੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਉਸਦੇ ਪਤੀ ਨੇ ਆਪਣੀ ਬੇਇੱਜ਼ਤੀ ਦੀ ਨਮੋਸ਼ੀ ਵਿਚ ਹੀ ਘਰ ਵਿਚ ਪਈ ਮੋਨੋ ਜ਼ਹਿਰੀਲੀ ਦਵਾਈ ਪੀ ਲਈ ਸੀ। ਉਸ ਨੂੰ ਭਿੱਖੀਵਿੰਡ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਜਿੱਥੇ ਗੁਰਚਰਨ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਕਈ ਦਿਨ ਦਾਖਲ ਰਿਹਾ ਪਰ ਅੱਜ ਉਸ ਦੀ ਮੌਤ ਹੋ ਗਈ।

ਇਸ ਮੌਕੇ ਐਸਐਚਓ ਖਾਲੜਾ ਲਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਦੇ ਦਿੱਤੀ ਜਾਵੇਗੀ। ਜਦੋਂਕਿ ਪਵਨਦੀਪ ਕੌਰ ਪਤਨੀ ਮਨਦੀਪ ਸਿੰਘ, ਗੁਰਮੇਜ ਸਿੰਘ ਪੁੱਤਰ ਗੁਰਮੁਖ ਸਿੰਘ, ਗੁਰਜੰਟ ਸਿੰਘ ਪੁੱਤਰ ਸੁਰਮੁਖ ਸਿੰਘ, ਬਖਸ਼ੀਸ਼ ਸਿੰਘ ਪੁੱਤਰ ਗੁਲਜ਼ਾਰ ਸਿੰਘ, ਨਛੱਤਰ ਸਿੰਘ ਪੁੱਤਰ ਜਸਵੰਤ ਸਿੰਘ, ਵਾਸੀ ਮਾੜੀ ਮੇਘਾ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਦਰਜ ਹੋਏ ਮੁਕੱਦਮੇ ਵਿਚ ਧਾਰਾ 306 ਦਾ ਵਾਧਾ ਕੀਤਾ ਗਿਆ ਹੈ।

Posted By: Jagjit Singh