ਜੇਐੱਨਐੱਨ, ਅੰਮਿ੍ਤਸਰ : ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ (ਪੀਸੀਸੀਟੀਊ) ਦੇ ਸੱਦੇ 'ਤੇ ਡੀਏਵੀ ਕਾਲਜ ਦੇ ਅਧਿਆਪਕਾਂ ਨੇ ਮੰਗਲਵਾਰ ਨੂੰ ਆਪਣੀ ਮੰਗਾਂ ਸਬੰਧੀ ਕਾਲੇ ਬਿੱਲੇ ਲਾ ਕੇ ਡੀਏਵੀ ਮੈਨੇਜਮੈਂਟ ਕਮੇਟੀ ਨਵੀਂ ਦਿੱਲੀ ਖ਼ਿਲਾਫ਼ ਆਪਣਾ ਰੋਸ ਜਾਹਿਰ ਕੀਤਾ। ਡੀਏਵੀ ਕਾਲਜ ਅੰਮਿ੍ਤਸਰ ਦੇ ਸਥਾਨਕ ਯੂਨਿਟ ਵਲੋਂ ਕਾਲਜ ਵਿਚ ਸਮੂਹ ਸਟਾਫ ਮੈਂਬਰਾਂ ਨੇ ਆਪਣੀ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਡੀਏਵੀ ਕਾਲਜ ਮੈਨਜਮੈਂਟ ਕਮੇਟੀ ਖ਼ਿਲਾਫ਼ ਨਾਅਰੇਬਾਜ਼ੀ ਕਰ ਕੇ ਭੜਾਸ ਕੱਢੀ। ਸੰਗਠਨ ਦੇ ਜਿਲ੍ਹਾ ਪ੍ਰਧਾਨ ਡਾ. ਬੀਬੀ ਯਾਦਵ ਨੇ ਦੱਸਿਆ ਕਿ ਅਧਿਆਪਕਾਂ ਨੂੰ ਕੈਰੀਅਰ ਐਡਵਾਂਸਮੈਂਟ ਸਕੀਮ (ਸੀਏਐੱਸ) ਤਹਿਤ ਨਵੇਂ ਗਰੇਡ ਕਰੀਬ 2 ਸਾਲਾਂ ਤੋਂ ਹਾਸਲ ਨਹੀਂ ਹੋਏ ਹਨ, ਜਿਸ ਕਾਰਨ ਅਧਿਆਪਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਡੀਏਵੀ ਮੈਨੇਜਿੰਗ ਕਮੇਟੀ ਨਾਲ ਅਧਿਆਪਕਾਂ ਦੇ ਮੁੱਦੇ ਸਬੰਧੀ ਕਈ ਵਾਰ ਵਿਚਾਰ-ਵਟਾਂਦਰਾ ਕੀਤਾ ਗਿਆ ਪਰ ਕਮੇਟੀ ਨੇ ਟਾਲਮਟੋਲ ਦੀ ਨੀਤੀ ਹੀ ਰੱਖੀ ਹੈ। ਉਨ੍ਹਾਂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਦੇ ਪਹਿਲੇ ਦਿਨ ਅੰਮਿ੍ਤਸਰ ਡੀਏਵੀ ਕਾਲਜ ਦੇ ਨਾਲ-ਨਾਲ ਬੀਬੀਕੇ ਡੀਏਵੀ ਕਾਲਜ, ਡੀਏਵੀ ਕਾਲਜ ਆਫ ਐਜ਼ੂਕੇਸ਼ਨ ਦੇ ਸਟਾਫ ਮੈਂਬਰਾਂ ਨੇ ਵੀ ਆਪਣਾ ਰੋਸ ਜਾਹਿਰ ਕੀਤਾ ਹੈ।

-----------

4 ਫਰਵਰੀ ਨੂੰ ਸ਼ੁਰੂ ਹੋਵੇਗਾ ਜ਼ਿਲ੍ਹਾ ਪੱਧਰੀ ਸੰਘਰਸ਼

ਡਾ. ਗੁਰਦਾਸ ਸਿੰਘ ਸੇਖੋਂ ਅਤੇ ਡਾ. ਮਲਕੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੀਸੀਸੀਟੀਯੂ ਨੇ ਇਕ ਹਫ਼ਤੇ ਦਾ ਐਕਸ਼ਨ ਪਲਾਨ ਜਾਰੀ ਕੀਤਾ ਹੈ। 28 ਅਤੇ 29 ਜਨਵਰੀ ਨੂੰ ਦੋ ਦਿਨ ਕਾਲੇ ਬਿੱਲੇ ਲਾ ਕੇ ਰੋਸ ਜਾਹਿਰ ਕੀਤਾ ਜਾਵੇਗਾ। ਜਦੋਂ ਕਿ 30 ਅਤੇ 31 ਜਨਵਰੀ ਦੇ ਨਾਲ-ਨਾਲ ਇਕ ਫਰਵਰੀ ਨੂੰ ਲੜੀਵਾਰ ਦੋ-ਦੋ ਪੀਰੀਅਡਾਂ ਦੀ ਹੜਤਾਲ ਕਰ ਕੇ ਪਿ੍ਰੰਸੀਪਲਾਂ ਦੇ ਦਫਤਰਾਂ ਦੇ ਬਾਹਰ ਰੋਸ ਧਰਨੇ ਲੱਗਣਗੇ।