ਜੇਐੱਨਐੱਨ, ਅੰਮਿ੍ਤਸਰ : ਜ਼ਹਿਰੀਲੀ ਸ਼ਰਾਬ ਪੀਣ ਤੋਂ ਬਾਅਦ ਮੌਤ ਦੇ ਮੂੰਹ 'ਚੋਂ ਨਿਕਲ ਕੇ ਘਰ ਪੁੱਜੇ ਦਲਬੀਰ ਸਿੰਘ ਨੇ ਹੁਣ ਸ਼ਰਾਬ ਤੋਂ ਤੌਬਾ ਕਰ ਲਈ ਹੈ ਤੇ ਉਹ ਭਵਿੱਖ ਵਿਚ ਕਦੇ ਸ਼ਰਾਬ ਨੂੰ ਹੱਥ ਨਹੀਂ ਲਾਵੇਗਾ। ਮੁੱਛਲ ਪਿੰਡ ਦੇ ਦਲਬੀਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਵੀ ਸ਼ਰਾਬ ਦਾ ਕੰਮ ਕਰਨ ਵਾਲੀ ਦਲਬੀਰ ਕੌਰ ਉਰਫ਼ ਪਟਿਆਂਵਾਲੀ ਦੇ ਘਰ ਸ਼ਰਾਬ ਪੀਣ ਗਿਆ ਸੀ ਉਸ ਦੇ ਘਰ ਸ਼ਰਾਬ ਪੀਣ ਲਈ ਕਾਫ਼ੀ ਲੋਕ ਪੁੱਜੇ ਹੋਏ ਸਨ।

ਦਲਬੀਰ ਨੇ ਦੱਸਿਆ ਕਿ ਉਹ ਰਿਕਸ਼ਾ ਚਾਲਕ ਹੈ ਤਸਕਰ ਬਲਵਿੰਦਰ ਕੌਰ ਪਿੰਡ ਵਿਚ ਵੀਹ ਰੁਪਏ ਵਿਚ ਇਕ ਗਲਾਸੀ ਸ਼ਰਾਬ ਵੇਚਦੀ ਸੀ। ਜਿਨ੍ਹਾਂ ਦੀ ਸ਼ਰਾਬ ਪੀਣ ਨਾਲ ਮੌਤ ਹੋ ਗਈ, ਉਹ ਉਸ ਦੇ ਘਰ 'ਚੋਂ ਗਲਾਸੀ-ਗਲਾਸੀ ਸ਼ਰਾਬ ਲੈ ਰਹੇ ਸਨ ਪਰ ਉਸ ਦੀ ਜੇਬ ਵਿਚ ਸਿਰਫ਼ 10 ਰੁਪਏ ਹੀ ਸਨ ਉਸ ਨੇ ਬਲਵਿੰਦਰ ਕੌਰ ਨੂੰ ਕਿਹਾ ਸੀ ਕਿ ਉਹ ਉਸ ਨੂੰ ਦਸ ਰੁਪਏ ਕੱਲ੍ਹ ਦੇ ਦੇਵੇਗਾ ਤੇ ਉਸ ਨੂੰ ਪੂਰੀ ਗਲਾਸੀ ਸ਼ਰਾਬ ਪਿਆ ਦੇਵੇ ਪਰ ਬਲਵਿੰਦਰ ਕੌਰ ਨੇ ਦਸ ਰੁਪਏ ਦੇ ਬਦਲੇ ਵਿਚ ਉਸ ਨੂੰ ਅੱਧੀ ਗਲਾਸੀ ਹੀ ਸ਼ਰਾਬ ਦਿੱਤੀ। ਸ਼ਰਾਬ ਪੀਣ ਤੋਂ ਬਾਅਦ ਉਹ ਘਰ ਚਲਾ ਗਿਆ ਤੇ ਕੁਝ ਦੇਰ ਵਿਚ ਉਸ ਦੀ ਤਬੀਅਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਪਰਿਵਾਰ ਨੇ ਉਸ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਸ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਬਲਵਿੰਦਰ ਕੌਰ ਤੋਂ ਸ਼ਰਾਬ ਖ਼ਰੀਦ ਕੇ ਪੀਣ ਵਾਲਿਆਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਉਹ ਡਰ ਗਿਆ। ਉਸ ਨੂੰ ਲੱਗਿਆ ਕਿ ਹੁਣ ਉਸ ਦੀ ਵੀ ਮੌਤ ਹੋਣ ਵਾਲੀ ਹੈ ਦਲਬੀਰ ਨੇ ਦੱਸਿਆ ਕਿ ਉਹ ਰੱਬ ਅੱਗੇ ਜਾਨ ਬਖਸ਼ ਦੇਣ ਲਈ ਸੁੱਖਣਾ ਸੁੱਖਣ ਲੱਗਾ। ਉਸ ਦੀਆਂ ਅੱਖਾਂ ਸਾਹਮਣੇ ਪਰਿਵਾਰ ਦੇ ਮੈਂਬਰ ਘੁੰਮਣ ਲੱਗੇ ਪਰ ਇਲਾਜ ਤੋਂ ਬਾਅਦ ਉਸ ਦੀ ਜਾਨ ਬਚ ਗਈ। ਦਲਬੀਰ ਨੇ ਦੱਸਿਆ ਕਿ ਜੇ ਉਸ ਦੇ ਕੋਲ ਉਸ ਦਿਨ ਵੀਹ ਰੁਪਏ ਹੁੰਦੇ ਤਾਂ ਉਸ ਦੀ ਵੀ ਮੌਤ ਨਿਸ਼ਚਿਤ ਸੀ।

ਸ਼ਰਾਬੀਆਂ ਨੂੰ ਦਾਲ ਸਬਜ਼ੀ ਵੀ ਦਿੰਦੀ ਸੀ ਬਣਾ ਕੇ

ਦਲਬੀਰ ਸਿੰਘ ਨੇ ਦੱਸਿਆ ਕਿ ਸ਼ਰਾਬ ਤਸਕਰ ਬਲਵਿੰਦਰ ਕੌਰ ਪਟਿਆਂਵਾਲੀ ਨੇ ਆਪਣੇ ਘਰ ਨੂੰ ਅਹਾਤੇ ਵਿਚ ਬਦਲ ਲਿਆ ਸੀ। ਲੋਕ ਉਸ ਦੇ ਘਰ 'ਚੋਂ ਹੀ ਸ਼ਰਾਬ ਪੀ ਕੇ ਨਿਕਲਦੇ ਸਨ ਸ਼ਰਾਬ ਦੇ ਨਾਲ ਕੁਝ ਲੋਕ ਲੂਣ ਦੀ ਚੁਟਕੀ ਮੂੰਹ ਵਿਚ ਲੈਂਦੇ ਤੇ ਦਸ-ਵੀਹ ਰੁਪਏ ਉਸ ਨੂੰ ਦੇ ਕੇ ਚਲੇ ਜਾਂਦੇ ਪਰ ਹੁਣ ਦਲਬੀਰ ਕੌਰ ਨੇ ਘਰ ਵਿਚ ਸ਼ਰਾਬੀਆਂ ਨੂੰ ਸਬਜ਼ੀ ਤੇ ਦਾਲ ਵੀ ਖਵਾਉਣੀ ਸ਼ੁਰੂ ਕਰ ਦਿੱਤੀ ਸੀ। ਸ਼ਰਾਬੀਆਂ ਨੂੰ ਬਿਠਾਉਣ ਲਈ ਦੋ ਕੁਰਸੀਆਂ ਵੀ ਰੱਖੀਆਂ ਹੋਈਆਂ ਸਨ।