ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਜਥੇਦਾਰ ਨੂੰ ਲਿਖਿਆ ਹੈ ਕਿ ਤੁਸੀਂ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਜਾਨਾਂ ਗੁਆਉਣ, ਤਬਾਹੀ ਝੱਲਣ ਵਾਲੇ ਲੱਖਾਂ ਲੋਕਾਂ ਨੂੰ ਯਾਦ ਕੀਤਾ ਤੇ ਉਨਾਂ ਦੀ ਯਾਦ ਵਿਚ 10 ਤੋਂ 16 ਅਗਸਤ ਤਕ ਅਰਦਾਸਾਂ ਕਰਨ ਵਾਸਤੇ ਸੰਦੇਸ਼ ਜਾਰੀ ਕੀਤਾ ਹੈ। 16 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਉਨ੍ਹਾਂ ਲੱਖਾਂ ਲੋਕਾਂ ਦੀ ਯਾਦ ਵਿਚ ਸਮਾਗਮ ਦਾ ਸੱਦਾ ਦਿੱਤਾ ਹੈ। ਇਸ ਗੱਲ ਦੀ ਖੁਸ਼ੀ ਹੋਈ ਕਿ ਤੁਸੀਂ ਭਾਰਤ-ਪਾਕਿਸਤਾਨ ਦੀ ਆਜ਼ਾਦੀ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ, ਜਿਨ੍ਹਾਂ ਦੀ ਕੁਰਬਾਨੀ ਸਦਕਾ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ। ਇਹ ਯਤਨ ਅੱਜ ਤੋਂ ਪਹਿਲਾਂ ਕਿਸੇ ਵੀ ਜਥੇਦਾਰ ਨੇ ਨਹੀਂ ਕੀਤਾ। ਦੋਵਾਂ ਦੇਸ਼ਾਂ ਨੂੰ ਵੀ ਉਨ੍ਹਾਂ ਲੱਖਾਂ ਲੋਕਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਦੋਵਾਂ ਦੇਸ਼ਾਂ ਦੀ ਆਜ਼ਾਦੀ ਵੇਲੇ ਖੂਨ ਡੋਲ੍ਹਿਆ ਤੇ ਤਬਾਹੀ ਝੱਲੀ।

ਦਾਦੂਵਾਲ ਨੇ ਅੱਗੇ ਲਿਖਿਆ ਕਿ ਸ਼੍ਰੋਮਣੀ ਕਮੇਟੀ ਨੇ ਤੁਹਾਨੂੰ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਾਇਆ ਹੈ। ਪੂਰੇ ਪੰਥ ਨੇ ਤਾਂ ਪਹਿਲਾਂ ਹੀ ਤੁਹਾਨੂੰ ਪ੍ਰਵਾਨ ਨਹੀਂ ਕੀਤਾ। ਕਿਰਪਾ ਕਰ ਕੇ ਆਪਣੇ ਅਹੁਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਨੂੰ ਢਾਅ ਨਾ ਲਗਾਓ। ਅਜਿਹੇ ਬਿਆਨ ਦਾਗ ਕੇ ਪਹਿਲੇ ਕੁਝ ਜਥੇਦਾਰਾਂ ਦੀ ਤਰ੍ਹਾਂ ਗੁਨਾਹਗਾਰਾਂ ਦੀ ਕਤਾਰ ਵਿਚ ਖੜ੍ਹੇ ਨਾ ਹੋਵੋ। ਹੁਣ ਬਾਦਲ ਪਰਿਵਾਰ ਦੀ ਪੁਸ਼ਤਪਨਾਹੀ ਛੱਡ ਕੇ ਪੰਥ ਦੀ ਰਹਿਨੁਮਾਈ ਕਰੋ। ਉਨ੍ਹਾਂ ਅਪੀਲ ਕੀਤੀ ਕਿ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਸਿੱਖ ਸੰਸਥਾਵਾਂ ਨੂੰ ਸਾਂਝਾ ਯਤਨ ਕਰਨ ਦਾ ਹੁਕਮ ਜਾਰੀ ਕਰੋ।

ਦਾਦੂਵਾਲ ਨੇ ਕਾਰਜਕਾਰੀ ਜਥੇਦਾਰ ਨੂੰ ਅਪੀਲ ਕੀਤੀ ਕਿ ਸਿੱਖ ਵਿਚਾਰਧਾਰਾ ਦੇ ਪ੍ਰਸਾਰ ਵਾਸਤੇ ਧਰਮ ਪ੍ਰਚਾਰ ਪ੍ਰਸਾਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰੋ ਤਾਂ ਕਿ ਸਿੱਖ ਨੌਜਵਾਨਾਂ ਨੂੰ ਗੁਰੂ ਲੜ ਲਾਇਆ ਜਾ ਸਕੇ। ਉਨ੍ਹਾਂ ਲਿਖਿਆ ਕਿ ਕੁਝ ਤਾਕਤਾਂ, ਸਿੱਖ ਨੌਜਵਾਨਾਂ ਨੂੰ ਲਾਲਚ ਜਾਂ ਬਹਿਕਾਵੇ ਵਿਚ ਲਿਆ ਕੇ ਤਿਰੰਗਾ ਝੰਡਾ ਸੜਵਾ ਕੇ ਜਾਂ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਉਣਾ ਚਾਹੁੰਦੀਆਂ ਹਨ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਗਵਾਈ ਦਿਓ ਕਿਉਂਕਿ ਉਨ੍ਹਾਂ ਨੂੰ ਭਟਕਣ ਤੋਂ ਬਚਾਉਣਾ ਤੁਹਾਡੀ ਵੱਡੀ ਜ਼ਿੰਮੇਵਾਰੀ ਹੈ।

Posted By: Jagjit Singh