ਜੇਐੱਨਐੱਨ. ਅੰਮਿ੍ਤਸਰ : ਜ਼ਿਲ੍ਹਾ ਪੁਲਿਸ ਨੇ ਦੀਵਾਲੀ ਦੇ ਮੱਦੇਨਜਰ ਸ਼ਹਿਰ ਵਿਚ ਜੂਏ ਦੇ ਅੱਡਿਆਂ 'ਤੇ ਛਾਪੇਮਾਰੀ ਕਰ ਕੇ 15 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 17 ਹਜ਼ਾਰ ਰੁਪਏ ਤੇ ਹੋਰ ਸਾਮਾਨ ਬਰਾਮਦ ਕਰ ਕੇ ਕੇਸ ਦਰਜ ਕਰ ਲਏ ਹਨ। ਪੁਲਿਸ ਕਮਿਸ਼ਨਰ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਇਲਾਕੇ ਵਿਚ ਕਿਤੇ ਵੀ ਜੂਏ ਦੇ ਅੱਡੇ ਚੱਲ ਰਹੇ ਹਨ ਤਾਂ ਉਨ੍ਹਾਂ ਬਾਰੇ ਸਬੰਧਤ ਥਾਣੇ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ।

ਇਸਲਾਮਾਬਾਦ ਥਾਣਾ ਦੀ ਪੁਲਿਸ ਨੇ ਕੋਟ ਖ਼ਾਲਸਾ ਦੀ ਗਲੀ ਨੰਬਰ 9 ਵਾਸੀ ਸੁਰਿੰਦਰ ਕੁਮਾਰ ਸ਼ਿੰਦਾ, ਵੱਡਾ ਹਰੀਪੁਰਾ ਵਾਸੀ ਹਰਪ੍ਰਰੀਤ ਸਿੰਘ ਟਿੰਕੂ, ਛੇਹਰਟਾ ਦੇ ਵਿਕਾਸ ਨਗਰ ਵਾਸੀ ਸੁਮਿਤ ਕੁਮਾਰ ਸੰਨੀ, ਖੰਡਵਾਲਾ ਦੇ ਵਿਕਾਸ ਨਗਰ ਵਾਸੀ ਅਮਰਜੀਤ ਸਿੰਘ ਨੂੰ ਜੂਆ ਖੇਡਦਿਆਂ ਕਾਬੂ ਕਰ ਕੇ ਢਾਈ ਹਜ਼ਾਰ ਰੁਪਏ ਤੇ ਤਾਸ਼ ਦੇ ਪੱਤੇ ਬਰਾਮਦ ਕੀਤੇ ਹਨ।

ਇਕ ਹੋਰ ਮਾਮਲੇ ਵਿਚ ਸਦਰ ਥਾਣੇ ਦੀ ਪੁਲਿਸ ਨੇ ਬਟਾਲਾ ਰੋਡ ਸਥਿਤ ਮੁਸਤਫਾਬਾਦ ਵਾਸੀ ਰਾਜੂ, ਮੁਸਤਫਾਬਾਦ ਦੇ ਮੇਨ ਬਾਜ਼ਾਰ ਵਾਸੀ ਸਤੀਸ਼ ਸ਼ਰਮਾ ਇਸ਼ਾ, ਸੁੰਦਰ ਨਗਰ ਦੀ ਗਲੀ ਨੰਬਰ 4 ਵਾਸੀ ਰਾਜਨ ਤੇ ਇੰਦਰਾ ਕਾਲੋਨੀ ਵਾਸੀ ਵਿਲੀਅਮ ਮਸੀਹ ਨੂੰ ਕਾਬੂ ਕਰ ਕੇ 1750 ਰੁਪਏ ਤੇ ਤਾਸ਼ ਦੇ ਪੱਤੇ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।

ਮਕਬੂਲਪੁਰਾ ਥਾਣਾ ਦੀ ਪੁਲਿਸ ਨੇ 10,300 ਰੁਪਏ ਸਮੇਤ ਡੈਮਗੰਜ ਵਾਸੀ ਰਾਜੀਵ ਤੇ ਪੱਤੀ ਸੁਲਤਾਨ ਵਾਸੀ ਸਤਨਾਮ ਸਿੰਘ ਨੂੰ ਕਾਬੂ ਕੀਤਾ ਹੈ। ਚੌਥੇ ਕੇਸ 'ਚ ਮਕਬੂਲਪੁਰਾ ਪੁਲਿਸ ਨੇ ਸ਼ਰੀਫਪੁਰਾ ਦੇ ਰਾਜੇਸ਼ ਕੁਮਾਰ, ਨਿਊ ਤਹਿਸੀਲਪੁਰਾ ਵਾਸੀ ਸਾਹਿਲ, ਰਾਮਬਾਗ ਵਾਸੀ ਰਾਘਵ ਸੰਧੂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਤਿੰਨਾਂ ਦੇ ਕਬਜ਼ੇ 'ਚੋਂ 2360 ਰੁਪਏ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।