ਜੇਐੱਨਐੱਨ, ਅੰਮਿ੍ਤਸਰ : ਗਰੀਨ ਐਵੇਨਿਊ ਇਲਾਕੇ ਵਿਚ ਲੁੱਟ ਦੌਰਾਨ ਅੌਰਤ ਅਤੇ ਉਸ ਦੇ ਬੱਚੇ ਨੂੰ ਘਸੀਟ ਕੇ ਸੁੱਟਣ ਦੇ ਮਾਮਲੇ ਵਿਚ ਸੈਸ਼ਨ ਜੱਜ ਕਰਮਜੀਤ ਸਿੰਘ ਨੇ ਇਕ ਦੋਸ਼ੀ ਨੂੰ ਇਕ ਸਾਲ ਦੀ ਸਜ਼ਾ ਸੁਣਾਈ ਹੈ। ਕੇਸ 'ਤੇ ਗੌਰ ਕਰਦੇ ਹੋਏ ਮਾਣਯੋਗ ਜੱਜ ਨੇ ਦੋਸ਼ੀ ਨੂੰ ਇਕ ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ। ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਕਾਲਜ ਦੇ ਕੋਲ ਰਹਿਣ ਵਾਲੇ ਮੁਕੇਸ਼ ਕੁਮਾਰ ਦੀ ਮੌਤ ਵੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ 16 ਜਨਵਰੀ 2018 ਦੀ ਦੁਪਹਿਰ ਗਰਿਮਾ ਆਪਣੇ ਮਾਸੂਮ ਬੱਚੇ ਨਾਲ ਗ੍ਰੀਨ ਐਵੇਨਿਊ ਇਲਾਕੇ ਵਿਚ ਆਪਣੇ ਪੇਕੇ ਘਰ ਜਾ ਰਹੀ ਸੀ। ਉਸ ਨੇ ਮੋਢੇ 'ਤੇ ਪਰਸ ਟੰਗਿਆ ਸੀ ਅਤੇ ਬੱਚੇ ਨੂੰ ਗੋਦ ਵਿਚ ਲੈ ਰੱਖਿਆ ਸੀ। ਇਸ ਦੌਰਾਨ ਆਏ ਲੁਟੇਰੇ ਅੌਰਤ ਦੇ ਮੋਢੇ ਤੋਂ ਟੰਗਿਆ ਪਰਸ ਝਪਟਣ ਲੱਗੇ। ਪਰਸ ਗਰਿਮਾ ਦੀ ਬਾਂਹ ਵਿਚ ਫਸ ਗਿਆ। ਲੁਟੇਰਿਆਂ ਨੇ ਉਸ ਨੂੰ ਘਸੀਟਿਆ ਤਾਂ ਉਹ ਬੱਚੇ ਸਮੇਤ ਸੜਕ ਉੱਤੇ ਡਿੱਗ ਗਈ। ਗਰਿਮਾ ਨੇ ਪਰਸ ਨਹੀਂ ਛੱਡਿਆ ਅਤੇ ਮੋਟਰਸਾਈਕਲ ਸਵਾਰ ਲੁਟੇਰੇ ਉਸ ਨੂੰ ਕੁਝ ਦੂਰ ਤਕ ਘਸੀਟ ਕੇ ਲੈ ਗਏ। ਲੁਟੇਰੇ ਕਿਸੇ ਤਰ੍ਹਾਂ ਪਰਸ ਲੈ ਕੇ ਫ਼ਰਾਰ ਹੋ ਗਏ। ਆਸਪਾਸ ਲੱਗੇ ਸੀਸੀਟੀਵੀ ਕੈਮਰੇ ਵਿਚ ਸਾਰੀ ਘਟਨਾ ਕੈਦ ਹੋ ਗਈ ਸੀ। ਪੁਲਿਸ ਨੇ ਜਾਂਚ ਕਰਦੇ ਹੋਏ ਕੇਸ ਦਰਜ ਕਰ ਲਿਆ ਸੀ। ਬਾਅਦ ਵਿਚ ਪੁਲਿਸ ਨੇ ਮਾਮਲੇ ਵਿਚ ਨੇਪਾਲ ਦੇ ਸ਼ੁਕਰਖੇਤ ਅਤੇ ਇਥੇ ਰਾਮਤੀਰਥ ਰੋਡ ਸਥਿਤ ਫਲੈਟ ਵਿਚ ਰਹਿਣ ਵਾਲੇ ਪ੍ਰਦੀਪ ਸਿੰਘ ਅਤੇ ਸਰਕਾਰੀ ਕਾਲਜ ਕੋਲ ਰਹਿਣ ਵਾਲੇ ਮੁਕੇਸ਼ ਕੁਮਾਰ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ ਸੀ।