ਜੇਐੱਨਐੱਨ, ਅੰਮਿ੍ਤਸਰ : ਪਤੀ-ਪਤਨੀ ਵਿਚਾਲੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਪਤਨੀ ਦੇ ਪੇਕੇ ਪਰਿਵਾਰ ਨੇ ਘਰ ਵਿਚ ਦਾਖਲ ਹੋ ਕੇ ਜੁਆਈ ਨਾਲ ਕੁੱਟਮਾਰ ਕਰਦੇ ਹੋਏ ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਸਬੰਧੀ ਲੋਪੋਕੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਦਸਮੇਸ਼ ਨਗਰ ਵਾਸੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਦੀ ਪਤਨੀ ਦਲਜੀਤ ਕੌਰ ਆਪਣੇ ਪੇਕੇ ਪਿੰਡ ਖਿਆਲਾ ਕਲਾਂ ਵਿਚ ਸਾਲਾਨਾ ਮੇਲਾ ਦੇਖਣ ਗਈ ਸੀ ਪਰ ਦੋ ਦਿਨਾਂ ਤਕ ਵਾਪਸ ਨਹੀਂ ਪਰਤੀ। ਤੀਸਰੇ ਦਿਨ ਜਦੋਂ ਉਹ ਘਰ ਪਰਤੀ ਤਾਂ ਪਤਨੀ ਕੋਲੋਂ ਪੁੱਿਛਆ ਕਿ ਅਗਲੇ ਦਿਨ ਹੀ ਘਰ ਕਿਉਂ ਨਹੀਂ ਪਰਤੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਮਾਮੂਲੀ ਤਕਰਾਰ ਹੋ ਗਈ। ਪੀੜਤ ਮੁਤਾਬਕ ਇਸ ਉਪਰੰਤ ਉਸ ਦੀ ਪਤਨੀ ਨੇ ਆਪਣੇ ਪੇਕੇ ਘਰ ਫੋਨ ਕਰ ਦਿੱਤਾ ਕਿ ਉਸ ਦੇ ਪਤੀ ਨੇ ਕੁੱਟਮਾਰ ਕੀਤੀ ਹੈ, ਜਿਸ 'ਤੇ ਉਸ ਦੇ ਸਹੁਰੇ ਜਗੀਰ ਸਿੰਘ, ਸਾਲਾ ਸੁਖਜਿੰਦਰ ਸਿੰਘ ਅਤੇ ਮਾਸੀ ਸੱਸ ਦੇ ਜੁਆਈ ਸੁਖਚੈਨ ਸਿੰਘ ਸਿੰਘ ਨੇ ਘਰ ਵਿਚ ਦਾਖਲ ਹੋ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਾਂਚ ਅਧਿਕਾਰੀ ਏਐੱਸਆਈ ਰਾਜਪਾਲ ਸ਼ਰਮਾ ਨੇ ਦੱਸਿਆ ਕਿ ਉਪਰੋਕਤ ਤਿੰਨਾਂ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।