ਜੇਐੱਨਐੱਨ, ਅੰਮ੍ਰਿਤਸਰ : ਬੀ-ਡਵੀਜ਼ਨ ਥਾਣੇ ਅਧੀਨ ਪੈਂਦੇ 100 ਫੁੱਟੀ ਰੋਡ ’ਤੇ ਮਾਮੂਲੀ ਗੱਲ ’ਤੇ ਹੋਏ ਵਿਵਾਦ 'ਚ ਇਕ ਗੁਆਂਢੀ ਨੇ ਮਨੋਜ ਕੁਮਾਰ ਦੇ ਸਿਰ ’ਤੇ ਬੈਟ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਹਸਪਤਾਲ 'ਚ ਇਲਾਜ ਦੌਰਾਨ ਮਨੋਜ ਦੀ ਮੌਤ ਹੋ ਗਈ। ਬੀ-ਡਵੀਜ਼ਨ ਥਾਣੇ ਦੀ ਪੁਲਿਸ ਨੇ ਮੁਲਜ਼ਮ ਈਸਟ ਮੋਹਨ ਨਗਰ ਵਾਸੀ ਮੁਕੇਸ਼ ਕੁਮਾਰ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

100 ਫੁੱਟੀ ਰੋਡ ਵਾਸੀ ਸੰਗੀਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਪਤੀ ਮਨੋਜ ਕੁਮਾਰ ਨੇੜੇ ਹੀ ਇਕ ਫੈਕਟਰੀ 'ਚ ਦਿਹਾੜੀ ਕਰਦਾ ਹੈ। ਮੁਲਜ਼ਮ ਮੁਕੇਸ਼ ਕੁਮਾਰ ਉਨ੍ਹਾਂ ਦੇ ਘਰ ਦੇ ਕੋਲ ਰਹਿੰਦਾ ਹੈ ਤੇ ਸੋਨੇ ਦੇ ਗਹਿਣਿਆਂ ਦੀ ਸਾਫ਼-ਸਫ਼ਾਈ ਦਾ ਕੰਮ ਕਰਦਾ ਹੈ। ਉਹ ਆਪਣੇ ਚਾਰ ਬੱਚਿਆਂ ਦੇ ਨਾਲ ਘਰ ਅੰਦਰ ਬੈਠੀ ਸੀ। ਉਸ ਦੀ ਸੱਤ ਸਾਲ ਦੀ ਧੀ ਘਰ ਦੇ ਸਾਹਮਣੇ ਪਾਰਕ 'ਚ ਖੇਡਣ ਚੱਲੀ ਗਈ। ਉਸ ਸਮੇਂ ਮੁਲਜ਼ਮ ਮੁਕੇਸ਼ ਨੇ ਬੱਚੀ ਨੂੰ ਖੇਡਦੇ ਦੇਖਿਆ ਤਾਂ ਉਸ ਨੂੰ ਝਿੜਕਣ ਲੱਗਾ।

ਸੰਗੀਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਨ੍ਹਾਂ ਦੀ ਬੇਟੀ ਨੂੰ ਥੱਪੜ ਮਾਰ ਕੇ ਘਰ ਭਜਾ ਦਿੱਤਾ। ਇਸ ਬਾਰੇ ਜਦੋਂ ਉਸ ਦੇ ਪਤੀ ਮਨੋਜ ਕੁਮਾਰ ਨੂੰ ਪਤਾ ਲੱਗਾ ਤਾਂ ਉਹ ਗੁਆਂਢੀ ਮੁਕੇਸ਼ ਦੇ ਘਰ ਸ਼ਿਕਾਇਤ ਕਰਨ ਚਲਾ ਗਿਆ। ਉੱਥੇ ਦੋਵਾਂ 'ਚ ਤਕਰਾਰ ਹੋ ਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਮੁਕੇਸ਼ ਨਸ਼ੇ 'ਚ ਟੱਲੀ ਸੀ ਅਤੇ ਉਸ ਨੇ ਬੈਟ ਚੁੱਕ ਕੇ ਉਸ ਦੇ ਪਤੀ ਦੇ ਸਿਰ ’ਤੇ ਮਾਰ ਦਿੱਤਾ। ਸਿਰ ’ਤੇ ਸੱਟ ਲੱਗਦਿਆਂ ਹੀ ਉਸ ਦਾ ਪਤੀ ਜ਼ਮੀਨ ’ਤੇ ਡਿੱਗ ਗਿਆ ਤੇ ਮੁਲਜ਼ਮ ਉਥੋਂ ਫਰਾਰ ਹੋ ਗਿਆ। ਕਿਸੇ ਤਰ੍ਹਾਂ ਉਸ ਨੇ ਪਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਵੀਰਵਾਰ ਰਾਤ ਉਸ ਦੀ ਮੌਤ ਹੋ ਗਈ।

Posted By: Seema Anand