ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਧਰਮ ਸਿੰਘ ਮਾਰਕੀਟ ਦੇ ਬਾਹਰ ਲਗਾਏ ਗਏ ਵਿਰਸੇ ਨੂੰ ਦਰਸਾਉਂਦੇ ਬੁੱਤਾਂ ਦੀ ਕੁਝ ਸ਼ਰਾਰਤੀ ਅਨਸਰਾਂ ਨੇ ਭੰਨ ਤੋੜ ਕੀਤੀ ਹੈ ਜਿਨ੍ਹਾਂ ਨੂੰ ਪੁੁਲਿਸ ਵੱਲੋਂ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।

ਗੁਰੂ ਨਗਰੀ 'ਚ ਤਿਆਰ ਕੀਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਮਾਰਗ 'ਤੇ ਸਾਲ 2016 'ਚ ਅਕਾਲੀ- ਭਾਜਪਾ ਸਰਕਾਰ ਵੱਲੋਂ ਇਸ ਵਿਰਾਸਤੀ ਮਾਰਗ 'ਤੇ ਧਰਮ ਸਿੰਘ ਮਾਰਕੀਟ ਦੇ ਬਾਹਰ ਪੰਜਾਬ ਦੇ ਵਿਰਸੇ ਨੂੰ ਦਰਸਾਉਂਦੇ ਬੁੱਤ ਲਗਾਏ ਗਏ ਸਨ ਜਿਨ੍ਹਾਂ ਵਿਚ ਗਿੱਧਾ ਪਾਉਂਦੀਆਂ ਮੁਟਿਆਰਾਂ ਤੇ ਭੰਗੜਾ ਪਾਉਂਦੇ ਗੱਭਰੂ ਸ਼ਾਮਿਲ ਹਨ। ਇਨ੍ਹਾਂ ਬੁੱਤਾਂ ਦਾ ਵਿਰੋਧ ਕਰ ਰਹੀਆਂ ਕੁਝ ਜਥੇਬੰਦੀਆਂ ਨੇ ਲਗਾਤਾਰ ਇਸ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਦੇਰ ਰਾਤ ਇਨ੍ਹਾਂ ਬੁੱਤਾਂ ਦੀ ਭੰਨਤੋੜ ਕੀਤੀ ਗਈ, ਪੁਲਿਸ ਨੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਲੱਗ-ਅਲੱਗ ਸਿੱਖ ਜਥੇਬੰਦੀਆਂ ਜਿਵੇਂ ਕਿ ਜੱਥਾ ਸਿਰਲੱਥ ਖ਼ਾਲਸਾ, ਜੱਥਾ ਹਿੰਮਤ-ਏ-ਖਾਲਸਾ ਨਾਲ ਸਬੰਧਤ ਲੋਕ ਹੈਰੀਟੇਜ ਸਟ੍ਰੀਟ 'ਚ ਲੱਗੇ ਵਿਰਾਸਤੀ ਬੁੱਤਾਂ ਦਾ ਵਿਰੋਧ ਕਰਦੇ ਆ ਰਹੇ ਹਨ। ਇਨ੍ਹਾਂ ਸਿੱਖ ਜਥੇਬੰਦੀਆਂ ਦੀ ਮੰਗ ਹੈ ਕਿ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਮਾਰਗ 'ਚ ਸਿੱਖ ਯੋਧਿਆਂ ਦੇ ਇਤਿਹਾਸ ਨਾਲ ਜੁੜੇ ਬੁੱਤ ਲਗਾਏ ਜਾਣੇ ਚਾਹੀਦੇ ਹਨ ਨਾ ਕਿ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਨ ਵਾਲੇ ਨੱਚਦੇ-ਗਾਉਂਦੇ ਬੁੱਤ।

Posted By: Seema Anand