ਜੇਐੱਨਐੱਨ, ਅੰਮਿ੍ਤਸਰ : ਰਣਜੀਤ ਐਵੀਨਿਊ ਥਾਣੇ ਦੀ ਪੁਲਿਸ ਨੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦੇ ਨਾਂ 'ਤੇ 2.65 ਲੱਖ ਰੁਪਏ ਠੱਗਣ ਦੇ ਦੋਸ਼ ਵਿਚ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਸੀਪੀ ਸਰਬਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਮੁਲਜਮ ਦੀ ਗਿ੍ਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਜੀਠਾ ਰੋਡ ਵਾਸੀ ਰਾਜਬੀਰ ਸਿੰਘ ਦੀ ਸ਼ਿਕਾਇਤ 'ਤੇ ਪੁਲਿਸ ਨੇ ਝਬਾਲ ਰੋਡ ਸਥਿਤ ਡਰੀਮ ਸਿਟੀ ਵਾਸੀ ਗੁਰਸ਼ਰਨ ਸਿੰਘ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਰਾਜਬੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਸ ਦੀ ਮੁਲਾਕਾਤ ਉਕਤ ਮੁਲਜ਼ਮ ਗੁਰਸ਼ਰਨ ਸਿੰਘ ਨਾਲ ਹੋਈ ਸੀ। ਮੁਲਜ਼ਮ ਨੇ ਦੱਸਿਆ ਸੀ ਕਿ ਉਸ ਨੇ ਰਣਜੀਤ ਐਵੀਨਿਊ ਵਿਚ ਸਕਾਲਰ ਡਿਸਟੈਂਸ ਨਾਂ ਤੋਂ ਦਫਤਰ ਖੋਲ੍ਹ ਰੱਖਿਆ ਹੈ ਅਤੇ ਉਹ ਲੋਕਾਂ ਨੂੰ ਵਿਦੇਸ਼ ਵਿਚ ਨੌਕਰੀ ਦਵਾਉਣ ਦਾ ਕਾਰੋਬਾਰ ਕਰ ਰਿਹਾ ਹੈ। ਉਹ ਕਈ ਲੋਕਾਂ ਨੂੰ ਆਸਟ੍ਰੇਲੀਆ ਵਿਚ ਫਿਟ ਕਰਵਾ ਚੁੱਕਿਆ ਹੈ। ਰਾਜਬੀਰ ਸਿੰਘ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਉਸ ਨੂੰ ਤਿੰਨ ਲੱਖ ਰੁਪਏ ਵਿਚ ਆਸਟ੍ਰੇਲੀਆ ਭੇਜ ਦੇਵੇਗਾ। ਲੇਕਿਨ ਬਾਅਦ ਵਿਚ ਮਾਮਲਾ 2.65 ਲੱਖ ਰੁਪਏ 'ਚ ਤੈਅ ਹੋ ਗਿਆ ਸੀ। ਉਸ ਨੇ ਬੜੀ ਮੁਸ਼ਕਿਲ ਨਾਲ ਉਕਤ ਰਾਸ਼ੀ ਦਾ ਬੰਦੋਬਸਤ ਕਰ ਕੇ ਮੁਲਜ਼ਮ ਟਰੈਵਲ ਏਜੰਟ ਨੂੰ ਪੈਸੇ ਦਿੱਤੇ। ਵੀਜ਼ਾ ਲਗਵਾਉਣ ਲਈ ਉਸ ਦਾ ਪਾਸਪੋਰਟ ਵੀ ਲੈ ਲਿਆ ਗਿਆ। ਲੇਕਿਨ ਅੱਜ ਤਕ ਨਾ ਤਾਂ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ।