ਮਨੋਜ ਕੁਮਾਰ ਅੰਮਿ੍ਤਸਰ : ਥਾਣਾ ਚਾਟੀਵਿੰਡ ਦੀ ਪੁਲਿਸ ਨੇ ਮੰਗਲਵਾਰ ਰਾਤ ਚੱਬਾ ਨੇੜੇ ਇਕ ਮਿੱਲ ਦੇ ਮੁਲਜ਼ਮ ਦੀ ਹੱਤਿਆ ਕਰਨ ਵਾਲੇ ਇਕ ਮੁਲਜ਼ਮ ਨੂੰ 48 ਘੰਟਿਆਂ ਅੰਦਰ ਗਿ੍ਫ਼ਤਾਰ ਕਰ ਲਿਆ, ਜਦੋਂਕਿ ਦੂਜੇ ਮੁਲਜ਼ਮ ਦੀ ਪਛਾਣ ਕਰ ਕੇ ਉਸ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਥਾਣਾ ਚਾਟੀਵਿੰਡ ਦੇ ਐੱਸਐੱਚਓ ਐੱਸਆਈ ਮਨਮੀਤਪਾਲ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਨਵਿੰਦਰ ਸਿੰਘ ਉਰਫ਼ ਕਲੰਡਰ ਵਾਸੀ ਪਿੰਡ ਚੱਬਾ ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਦੂਜੇ ਸਾਥੀ ਸੁਖਚੈਨ ਸਿੰਘ ਉਰਫ਼ ਚੰਦੂ ਵਾਸੀ ਪਿੰਡ ਚੱਬਾ ਨੂੰ ਵੀ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਜਦੋਂ ਪਿੰਡ ਚੱਬਾ, ਤਰਨਤਾਰਨ ਰੋਡ 'ਤੇ ਸਥਿਤ ਸਪਲੀਟੈਕ ਇੰਡਸਟਰੀ ਪ੍ਰਰਾਈਵੇਟ ਲਿਮਟਿਡ 'ਚ ਬਤੌਰ ਡਰਾਈਵਰ ਕੰਮ ਕਰਨ ਵਾਲਾ ਅਜੀਤ ਕੁਮਾਰ ਸਿੰਘ ਵਾਸੀ ਯੂਪੀ (ਹਾਲ ਵਾਸੀ ਪਿੰਡ ਚੱਬਾ) ਡਿਊਟੀ ਖ਼ਤਮ ਕਰਨ ਤੋਂ ਬਾਅਦ ਘਰ ਜਾ ਰਿਹਾ ਸੀ ਤਾਂ ਰਸਤੇ ਵਿਚ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਨੇ ਉਸ ਜ਼ਖ਼ਮੀ ਕਰ ਕੇ ਉਸ ਕੋਲੋਂ ਮੋਬਾਈਲ ਫੋਨ ਖੋਹ ਲਿਆ। ਜ਼ਖ਼ਮੀ ਅਜੀਤ ਕੁਮਾਰ ਸਿੰਘ ਦੀ ਬਾਅਦ 'ਚ ਇਲਾਜ ਦੌਰਾਨ ਹਸਪਤਾਲ 'ਚ ਦੇਰ ਰਾਤ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਮਿੱਲ ਦੇ ਮੈਨੇਜਰ ਅਨਿਲ ਕੁਮਾਰ ਵਾਸੀ ਵਿਜੇ ਨਗਰ ਬਟਾਲਾ ਰੋਡ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ ਦੂਜੇ ਮੁਲਜ਼ਮ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ।