ਰਾਜਨ ਮਹਿਰਾ, ਅੰਮਿ੍ਤਸਰ : ਬੀਤੀ ਦੇਰ ਰਾਤ ਸਰਕੂਲਰ ਰੋਡ ਸਥਿਤ ਇਕ ਮੈਡੀਕਲ ਸ਼ਾਪ 'ਚ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਸੁਮੀਤ ਅਰੋੜਾ ਪੁੱਤਰ ਮਦਨ ਲਾਲ ਸ਼ਰੋੜਾ ਵਾਸੀ ਰਣਜੀਤ ਵਿਹਾਰ ਲੋਹਾਰਕਾ ਰੋਡ ਨੇ ਦੱਸਿਆ ਕਿ ਸਰਕੂਲਰ ਰੋਡ ਸਥਿਤ ਉਨ੍ਹਾਂ ਦੀ ਮੈਡੀਕਲ ਸ਼ਾਪ ਹੈ। ਹਰ ਰੋਜ਼ ਦੀ ਤਰ੍ਹਾਂ ਉਹ ਰਾਤ ਨੂੰ ਦੁਕਾਨ ਬੰਦ ਕਰ ਕੇ ਗਏ ਸਨ, ਸਵੇਰੇ 9.15 ਵਜੇ ਕਰੀਬ ਉਨ੍ਹਾਂ ਨੂੰ ਦੁਕਾਨ 'ਤੇ ਕੰਮ ਕਰਦੇ ਲੜਕੇ ਪਿਊਸ਼ ਦਾ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤੇ ਅੱਧਾ ਸ਼ਟਰ ਉਪਰ ਹੈ। ਇਹ ਸੁਣ ਕੇ ਉਹ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਚੋਰ ਗੱਲੇ 'ਚ ਪਈ ਨਕਦੀ ਚੋਰੀ ਕਰ ਕੇ ਲੈ ਗਏ ਅਤੇ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਵੀ ਤੋੜੇ ਹੋਏ ਹਨ। ਕੁਝ ਕੈਮਰਿਆਂ 'ਚ ਕੈਦ ਹੋਈ ਚੋਰਾਂ ਦੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਗਿ੍ਫਤਾਰ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੇ ਪੈਸੇ ਮਿਲ ਸਕਣ। ਚੋਰੀ ਦੀ ਸੂਚਨਾ ਮਿਲਦੇ ਹੀ ਪਹੁੰਚੇ ਥਾਣਾ ਮਜੀਠਾ ਰੋਡ ਦੇ ਏਐੱਸਆਈ ਦਵਿੰਦਰ ਸਿੰਘ ਨੇ ਕਿਹਾ ਕਿ ਦੁਕਾਨਦਾਰ ਵੱਲੋਂ ਦੱਸੇ ਮੁਤਾਬਕ ਸਾਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤੇ ਸਾਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।