ਜੇਐੱਨਐੱਨ, ਅੰਮਿ੍ਤਸਰ : ਮਹਾਨਗਰ ਦੇ ਸਕੂਲ ਤੇ ਕਾਲਜਾਂ ਕੋਲ ਹੈਰੋਇਨ ਸਮੱਗਲਿੰਗ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਅੰਮਿ੍ਤਸਰ ਦਿਹਾਤੀ ਪੁਲਿਸ ਨੇ ਸ਼ਨਿੱਚਰਵਾਰ ਰਾਤ ਇਕ ਸਮੱਗਲਰ ਨੂੰ ਗਿ੍ਫਤਾਰ ਕੀਤਾ ਹੈ। ਮੁਲਜ਼ਮ ਦੇ ਕਬਜ਼ੇ 'ਚੋਂ ਇੱਕ ਕਿੱਲੋ ਹੈਰੋਇਨ, ਬਲੈਰੋ, ਦੋ ਮੋਬਾਈਲ ਬਰਾਮਦ ਕਰਕੇ ਘਰਿੰਡਾ ਥਾਣੇ 'ਚ ਕੇਸ ਦਰਜ ਕੀਤਾ ਗਿਆ ਹੈ।

ਐੱਸਐੱਸਪੀ ਦਿਹਾਤੀ ਵਿਕਰਮਜੀਤ ਸਿੰਘ ਦੁੱਗਲ ਨੇ ਦੱਸਿਆ ਮੁਲਜ਼ਮ ਦਾ ਇਕ ਭਰਾ ਸਰਬਜੀਤ ਸਿੰਘ ਉਰਫ ਸਾਬਾ ਪਹਿਲਾਂ ਤੋਂ ਹੈਰੋਇਨ ਸਮੱਗਲਿੰਗ ਦੇ ਮਾਮਲੇ 'ਚ ਜੇਲ੍ਹ 'ਚ ਹੈ। ਫੜੇ ਹਰਜੀਤ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਹੈਰੋਇਨ ਦੀ ਖੇਪ ਕਿੱਥੋਂ ਲੈਂਦਾ ਹੈ ਤੇ ਕਿੱਥੇ ਸਪਲਾਈ ਕਰਦਾ ਹੈ।

ਸੀਆਈਏ ਸਟਾਫ ਦੇ ਇੰਸਪੈਕਟਰ ਵਿਕਰਾਂਤ ਸ਼ਰਮਾ ਨੂੰ ਸੂਚਨਾ ਮਿਲੀ ਸੀ ਕਿ ਅਜਨਾਲਾ ਦੇ ਫਤੇਹਵਾਲ ਪਿੰਡ ਵਾਸੀ ਹਰਜੀਤ ਸਿੰਘ ਹੈਰੋਇਨ ਸਮੱਗਲਿੰਗ ਦੇ ਕਾਰੋਬਾਰ 'ਚ ਸ਼ਾਮਲ ਹੈ ਤੇ ਉਹ ਹੈਰੋਇਨ ਦੀ ਵੱਡੀ ਖੇਪ ਦੀ ਸਪਲਾਈ ਦੇਣ ਲਈ ਸ਼ਨਿੱਚਰਵਾਰ ਰਾਤ ਖਾਸਾ ਬਿਜਲੀ ਘਰ ਦੇ ਕੋਲੋਂ ਨਿਕਲਣ ਵਾਲਾ ਹੈ। ਇਸ ਆਧਾਰ 'ਤੇ ਨਾਕਾਬੰਦੀ ਦੌਰਾਨ ਬਲੈਰੋ 'ਚ ਆਉਂਦੇ ਹਰਜੀਤ ਸਿੰਘ ਨੂੰ ਕਾਬੂ ਕਰਕੇ ਉਸ ਦੀ ਜੈਕੇਟ 'ਚ ਰੱਖੇ ਦਸ ਪੈਕੇਟ (ਇਕ ਕਿੱਲੋ ਹੈਰੋਇਨ) ਬਰਾਮਦ ਕੀਤੇ।

ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਕਿ ਉਸ ਦਾ ਭਰਾ ਸਰਬਜੀਤ ਸਿੰਘ ਉਰਫ ਸਾਬਾ ਫਤਾਹਪੁਰ ਜੇਲ੍ਹ 'ਚ ਬੰਦ ਹੈ। ਉਕਤ ਖੇਪ ਉਸ ਨੇ ਸਬਰਜੀਤ ਸਿੰਘ ਦੇ ਇਸ਼ਾਰੇ 'ਤੇ ਬਰਾਮਦ ਕੀਤੀ ਸੀ। ਹਰਜੀਤ ਸਿੰਘ ਨੇ ਇਕ ਕਿੱਲੋ ਖੇਪ ਨੂੰ ਦਸ ਲਿਫਾਫਿਆਂ 'ਚ ਪਾ ਕੇ ਅੰਮਿ੍ਤਸਰ ਤੇ ਉਸ ਦੇ ਆਸਪਾਸ ਬਣੇ ਸਕੂਲ ਕਾਲਜਾਂ ਕੋਲ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਨੂੰ ਸਪਲਾਈ ਕਰਨੀ ਸੀ।