ਜੇਐੱਨਐੱਨ, ਅੰਮਿ੍ਤਸਰ : ਬੀ ਡਵੀਜ਼ਨ ਥਾਣੇ ਦੀ ਪੁਲਿਸ ਨੇ ਵਿਦੇਸ਼ ਵਿਚ ਨੌਕਰੀ ਦਿਵਾਉਣ ਦੇ ਦੋਸ਼ ਵਿਚ ਦੋ ਟਰੈਵਲ ਏਜੰਟਾਂ ਖ਼ਿਲਾਫ਼ ਸ਼ੁੱਕਰਵਾਰ ਦੀ ਰਾਤ ਕੇਸ ਦਰਜ ਕੀਤਾ ਹੈ। ਸੁਲਤਾਵਿੰਡ ਰੋਡ ਵਾਸੀ ਅਜੀਤ ਸਿੰਘ ਦਾ ਦੋਸ਼ ਹੈ ਕਿ ਟਰੈਵਲ ਏਜੰਟਾਂ ਨੇ ਉਨ੍ਹਾਂ ਦੀ ਬੇਟੀ ਨੂੰ ਵਿਦੇਸ਼ ਵਿਚ ਚੰਗੀ ਨੌਕਰੀ ਦਿਵਾਉਣ ਲਈ 11 ਲੱਖ ਰੁਪਏ ਲਏ ਸਨ। ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਅਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਕੁਝ ਸਾਲ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਜੰਡਿਆਲਾ ਗੁਰੂ ਸਥਿਤ ਨਿੱਜਰਪੁਰਾ ਪਿੰਡ ਨਿਵਾਸੀ ਰਾਜਪਾਲ ਸਿੰਘ ਤੇ ਉਸ ਦੀ ਬੇਟੀ ਤਮੰਨਾ ਦੇ ਨਾਲ ਹੋਈ ਸੀ। ਮੁਲਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਪੇਸ਼ੇ ਤੋਂ ਟਰੈਵਲ ਏਜੰਟ ਹਨ ਅਤੇ ਕਈ ਲੋਕਾਂ ਨੂੰ ਵਿਦੇਸ਼ ਵਿਚ ਨੌਕਰੀ ਦਿਵਾ ਚੁੱਕੇ ਹਨ। ਮੁਲਜ਼ਮਾਂ ਨੇ ਸ਼ਿਕਾਇਤਕਰਤਾ ਨੂੰ ਦੱਸਿਆ ਸੀ ਕਿ ਉਹ ਉਨ੍ਹਾਂ ਦੀ ਬੇਟੀ ਨਵਦੀਪ ਕੌਰ ਨੂੰ ਚੰਗੀ ਨੌਕਰੀ ਦਿਵਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ 11 ਲੱਖ ਰੁਪਏ ਦੇਣੇ ਹੋਣਗੇ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਬੜੀ ਮੁਸ਼ਕਿਲ ਨਾਲ ਉਕਤ ਰਾਸ਼ੀ ਦਾ ਬੰਦੋਬਸਤ ਕੀਤਾ ਤੇ ਤਮੰਨਾ ਤੇ ਉਸ ਦੇ ਪਿਤਾ ਰਾਜਪਾਲ ਨੂੰ ਪੈਸੇ ਦੇ ਦਿੱਤੇ ਸਨ। ਟਰੈਵਲ ਏਜੰਟਾਂ ਨੇ ਵੀਜ਼ਾ ਲਗਵਾਉਣ ਲਈ ਉਨ੍ਹਾਂ ਦੀ ਧੀ ਦਾ ਪਾਸਪੋਰਟ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਕਾਫ਼ੀ ਸਮੇਂ ਤਕ ਮੁਲਜ਼ਮਾਂ ਨੇ ਨਾ ਤਾਂ ਉਨ੍ਹਾਂ ਦੀ ਬੇਟੀ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ।