ਜੇਐੱਨਐੱਨ, ਅੰਮਿ੍ਤਸਰ : ਵੇਰਕਾ ਦੇ ਇਕ ਪਿੰਡ ਵਿਚ ਲੜਕੀਆਂ ਨੂੰ ਦੇਹ ਵਪਾਰ ਦੇ ਧੰਦੇ ਵਿਚ ਧਕੇਲਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਇਕ ਸਮਾਜਸੇਵੀ ਸੰਸਥਾ ਨੇ ਦਾਅਵਾ ਕੀਤਾ ਹੈ। ਸਮਾਜਸੇਵੀ ਸੰਸਥਾ ਦੇ ਬਟਾਲੇ ਦੇ ਇਕ ਪਿੰਡ ਕੀਤੀ ਕੁੜੀ ਨੂੰ ਪਿਛਲੇ ਡੇਢ ਸਾਲਾਂ ਤੋਂ ਮੁਲਜ਼ਮਾਂ ਨੇ ਆਪਣੇ ਘਰ ਵਿਚ ਬੰਧਕ ਬਣਾ ਕੇ ਰੱਖਿਆ ਸੀ। ਦੋਸ਼ ਹੈ ਕਿ ਗਿਰੋਹ ਦੇ ਮੈਂਬਰ ਉਸ (ਪੀੜਤ) ਨੂੰ ਜ਼ਬਰਦਸਤੀ ਦੇਹ ਵਪਾਰ ਕਰਨ ਲਈ ਮਜਬੂਰ ਕਰ ਰਹੇ ਸਨ। ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿਚ ਇਕ ਨੌਜਵਾਨ ਤਿੰਨ ਲੜਕੀਆਂ ਦੇ ਸਾਹਮਣੇ ਪੀੜਤਾ ਨੂੰ ਬੁਰੀ ਤਰ੍ਹਾਂ ਕੁੱਟਦਾ ਦਿਖਾਈ ਦੇ ਰਿਹਾ ਹੈ। ਪੀੜਤਾ ਨੇ ਦੱਸਿਆ ਕਿ ਉਸ ਨੂੰ ਪਿਛਲੇ ਡੇਢ ਸਾਲਾਂ ਤੋਂ ਵੇਰਕਾ ਦੇ ਉਕਤ ਪਿੰਡ ਵਿਚ ਇਕ ਘਰ ਵਿਚ ਬੰਧਕ ਬਣਾ ਕੇ ਰੱਖਿਆ ਗਿਆ ਹੈ। ਉਸ ਨੂੰ ਖਾਣਾ ਵੀ ਸਮੇਂ 'ਤੇ ਨਹੀਂ ਦਿੱਤਾ ਜਾਂਦਾ। ਉਸ ਦੀ ਕਈ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਜਾਣ ਲੱਗਾ। ਮੁਲਜ਼ਮ ਨੌਜਵਾਨ ਪੀੜਤਾ ਤੇ ਉਸ ਦੇ ਪਰਿਵਾਰ ਨੂੰ ਪਿਸਟਲ ਦੇ ਜ਼ੋਰ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ ਪਰ ਉਹ ਦੇਹ ਵਪਾਰ ਵਿਚ ਕਿਸੇ ਤਰ੍ਹਾਂ ਸ਼ਾਮਲ ਨਹੀਂ ਹੋਣਾ ਚਾਹੁੰਦੀ ਸੀ। ਪੀੜਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਮੁਲਜ਼ਮਾਂ ਦੇ ਚੁੰਗਲ ਤੋਂ ਭੱਜ ਨਿਕਲੀ ਸੀ ਪਰ ਉਨ੍ਹਾਂ ਨੇ ਉਸ ਦੀ ਮਾਸੀ ਦੀ ਬੇਟੀ ਨੂੰ ਅਗਵਾ ਕਰ ਲਿਆ ਸੀ। ਜਿਸ ਕਾਰਨ ਉਸ ਨੂੰ ਦੁਬਾਰਾ ਮੁਲਜ਼ਮਾਂ ਕੋਲ ਆਉਣਾ ਪਿਆ।

ਬਾਕਸ . . .

ਗੂਗਲ 'ਤੇ ਧੜੱਲੇ ਨਾਲ ਚੱਲ ਰਿਹੈ ਕਾਰੋਬਾਰ

ਪੀੜਤਾ ਨੇ ਦੱਸਿਆ ਕਿ ਦੇਹ ਵਪਾਰ ਦਾ ਕਾਰੋਬਾਰ ਗੂਗਲ 'ਤੇ ਧੜੱਲੇ ਨਾਲ ਚੱਲ ਰਿਹਾ ਹੈ। ਉਸ ਨੇ ਦੱਸਿਆ ਕਿ ਗੂਗਲ 'ਤੇ ਐਸਕੋਰਟ ਸਰਵਿਸ ਅੰਮਿ੍ਤਸਰ ਦੇ ਨਾਂ ਨਾਲ ਇਹ ਕਾਰੋਬਾਰ ਚੱਲ ਰਿਹਾ ਹੈ। ਪੁਲਿਸ ਨੇ ਘਰ ਵਿਚ ਰਹਿਣ ਵਾਲੀ ਇਕ ਮੁਟਿਆਰ ਨੂੰ ਹਿਰਾਸਤ ਵਿਚ ਲਿਆ ਹੈ। ਫਿਲਹਾਲ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਬਾਕਸ . . .

ਸਵਾਲ ਸੁਣ ਕੇ ਭੜਕੇ ਏਡੀਸੀਪੀ

ਏਡੀਸੀਪੀ ਹਰਪਾਲ ਸਿੰਘ ਨੂੰ ਜਦੋਂ ਮਾਮਲੇ ਨੂੰ ਲੈ ਕੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਪੁੱਿਛਆ ਗਿਆ ਤਾਂ ਉਹ ਭੜਕ ਗਏ। ਏਡੀਸੀਪੀ ਬੋਲੇ ਕਿ ਜੇਕਰ ਸੰਸਥਾ ਅਤੇ ਮੀਡੀਆ ਨੂੰ ਸਟਿੰਗ ਕਰਨ ਦਾ ਚਾਅ ਹੈ ਤਾਂ ਉਹ ਪਹਿਲਾਂ ਪੁਲਿਸ ਨੂੰ ਨਾਲ ਲੈਂਦੇ। ਉਹ ਟਰੈਪ ਲਗਾਉਂਦੇ ਤੇ ਗਿਰੋਹ 'ਚ ਸ਼ਾਮਲ ਮੁੰਡੇ, ਕੁੜੀਆਂ ਨੂੰ ਫੜ ਕੇ ਮਜ਼ਬੂਤ ਕੇਸ ਬਣਾਉਂਦੇ। ਉਨ੍ਹਾਂ ਨੇ ਦੱਸਿਆ ਕਿ ਉਹ ਕੇਸ ਦੀ ਕਾਰਵਾਈ ਨੂੰ ਲੈ ਕੇ ਕੁੱਝ ਨਹੀਂ ਦਸ ਸਕਦੇ।