ਪੱਤਰ ਪ੍ਰੇਰਕ, ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਕਾਰ ਸਵਾਰ ਵਿਅਕਤੀ ਕੋਲੋਂ ਚੋਰੀ ਦੀ ਬੰਦੂਕ ਅਤੇ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਪੁਲਿਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਥਾਣਾ ਮੁਖੀ ਚੰਦਰ ਭੂਸ਼ਣ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸੀ। ਜਦੋਂ ਉਹ ਚੇਲਾ ਕਾਲੋਨੀ ਲਿੰਕ ਰੋਡ 'ਤੇ ਪੁੱਜੇ ਤਾਂ ਇਕ ਆਈ-20 ਕਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 12 ਬੋਰ ਦੀ ਬੰਦੂਕ ਅਤੇ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਕਰਨ 'ਤੇ ਫੜੇ ਗਏ ਕਾਰ ਸਵਾਰ ਨੇ ਆਪਣੀ ਪਛਾਣ ਜਸਕਰਨ ਸਿੰਘ ਵਾਸੀ ਵਲਟੋਹਾ ਦੇ ਤੌਰ 'ਤੇ ਦੱਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਬਰਾਮਦ ਹੋਈ ਬੰਦੂਕ ਨੂੰ ਜਸਕਰਨ ਸਿੰਘ ਨੇ ਚੋਰੀ ਕੀਤੀ ਹੈ, ਜਿਸ ਖਿਲਾਫ ਕੇਸ ਦਰਜ ਕਰਕੇ ਪੁਲਿਸ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।