ਪ੍ਤਾਪ ਸਿੰਘ, ਤਰਨਤਾਰਨ : ਪਿੰਡ ਮਾਣੋਚਾਹਲ ਵਿਖੇ ਪੰਚਾਇਤੀ ਚੋਣਾਂ ਦੀ ਰੰਜਿਸ਼ ਤਹਿਤ ਚੋਣ ਹਾਰੀ ਪਾਰਟੀ ਵੱਲੋਂ ਘਰ ਦਾਖਲ ਹੋ ਕੇ ਇਕ ਵਿਅਕਤੀ ਨੂੰ ਜ਼ਖ਼ਮੀ ਕਰ ਦੇਣ ਅਤੇ ਫਾਇਰਿੰਗ ਕਰਨ ਦੇ ਦੋਸ਼ ਤਹਿਤ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮ ਅਜੇ ਫਰਾਰ ਦੱਸੇ ਜਾ ਰਹੇ ਹਨ। ਬਿਕਰਮਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮਾਣੋਚਾਹਲ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ 'ਚ ਕਥਿਤ ਤੌਰ 'ਤੇ ਦੱਸਿਆ ਕਿ ਪੰਚਾਇਤੀ ਚੋਣਾਂ ਵਾਲੇ ਦਿਨ ਉਨ੍ਹਾਂ ਦੀ ਪਾਰਟੀ ਦਾ ਸਰਪੰਚ ਜਿੱਤ ਗਿਆ ਸੀ। ਜਦੋਂ ਕਿ ਵਿਰੋਧੀ ਪਾਰਟੀ ਨਾਲ ਸਬੰਧਤ ਪਲਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ, ਬਖਸ਼ਿੰਦਰ ਸਿੰਘ ਪੁੱਤਰ ਜਸਬੀਰ ਸਿੰਘ, ਬਲਦੇਵ ਸਿੰਘ ਪੁੱਤਰ ਆਤਮਾ ਸਿੰਘ, ਅਵਤਾਰ ਸਿੰਘ ਪੁੱਤਰ ਜਰਨੈਲ ਸਿੰਘ, ਕੁਲਵੰਤ ਸਿੰਘ ਪੁੱਤਰ ਅਰਜਨ ਸਿੰਘ, ਗੁਰਮੀਤ ਸਿੰਘ ਪੁੱਤਰ ਸਵਰਨ ਸਿੰਘ, ਆਤਮਾ ਸਿੰਘ ਪੁੱਤਰ ਮੂਲਾ ਸਿੰਘ ਵਾਸੀ ਮਾਣੋਚਾਹਲ ਹਾਰ ਗਏ। ਇਸੇ ਰੰਜਿਸ਼ ਤਹਿਤ ਪਲਵਿੰਦਰ ਸਿੰਘ ਨੇ ਆਪਣੇ ਇਕ ਦਰਜਨ ਅਣਪਛਾਤੇ ਲੋਕਾਂ ਨਾਲ ਮਿਲ ਕੇ ਹਥਿਆਰਾਂ ਨਾਲ ਲੈਸ ਉਨ੍ਹਾਂ ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ 12 ਬੋਰ ਦੀ ਰਾਈਫਲ ਨਾਲ ਫਾਇਰ ਵੀ ਕੀਤੇ। ਇਸ ਘਟਨਾ ਵਿਚ ਹੋ ਜਖਮੀ ਹੋ ਗਿਆ। ਰੌਲਾ ਪਾਉਣ ਤੇ ਹਮਲਾਵਰ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਦੋਂ ਕਿ ਜਖਮੀ ਸਿਵਲ ਹਸਪਤਾਲ ਤਰਨਤਾਰਨ ਵਿਖੇ ਜੇਰੇ ਇਲਾਜ ਹੈ।