ਜੇਐੱਨਐੱਨ, ਅੰਮਿ੍ਤਸਰ : ਕੰਟੋਨਮੈਂਟ ਥਾਣੇ ਦੇ ਪਿੱਛੇ ਪਈ ਕੋਰਟ ਪ੍ਰਰਾਪਰਟੀ ਨੂੰ ਮੰਗਲਵਾਰ ਦੀ ਸ਼ਾਮ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦੇ ਪੁਰਾਣੇ ਵਾਹਨ ਸੜ ਕੇ ਸੁਆਹ ਹੋ ਗਏ। ਘਟਨਾ ਦੇ ਬਾਰੇ ਪਤਾ ਚੱਲਦੇ ਹੀ ਫਾਇਰ ਵਿਭਾਗ ਦੀ ਤਿੰਨ ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਪਹੁੰਚ ਗਈਆਂ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਲਗਭਗ ਪੌਣੇ ਘੰਟੇ ਦੀ ਮੁਸ਼ੱਕਤ ਦੇ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਉੱਧਰ, ਇੰਸਪੈਕਟਰ ਜਸਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ। ਪੁਲਿਸ ਕਵਾਟਰਾਂ ਵਿਚ ਰਹਿਣ ਵਾਲੇ ਹਰਕੀਰਤ ਸਿੰਘ ਅਤੇ ਜਸਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਮੁਕੱਦਮੇ ਵਿਚ ਫੜੇ ਗਏ ਵਾਹਨਾਂ ਨੂੰ ਥਾਣੇ ਦੇ ਪਿੱਛੇ ਰੱਖਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਛੇਹਰਟਾ ਥਾਣੇ ਅਤੇ ਸੀ ਡਵੀਜ਼ਨ ਥਾਣੇ ਵਲੋਂ ਵੀ ਕਬਾੜ ਹੋ ਚੁੱਕੇ ਦੋ ਪਹੀਆ ਵਾਹਨਾਂ ਨੂੰ ਲਿਆ ਕੇ ਇੱਥੇ ਲਗਾ ਦਿੱਤਾ ਗਿਆ ਸੀ। ਪਿੱਛੇ ਪੈਂਦੀ ਗਲੀ ਦੇ ਲੋਕ ਅਕਸਰ ਵਾਹਨਾਂ 'ਤੇ ਕੂੜਾ ਸੁੱਟ ਦਿੰਦੇ ਹਨ। ਮੰਗਲਵਾਰ ਦੀ ਸ਼ਾਮ ਉਨ੍ਹਾਂ ਨੇ ਦੇਖਿਆ ਕਿ ਕੋਰਟ ਪ੍ਰਰਾਪਰਟੀ (ਪੁਰਾਣੇ ਵਾਹਨਾਂ) ਨੂੰ ਅੱਗ ਲੱਗ ਚੁੱਕੀ ਹੈ। ਦੇਖਦੇ ਹੀ ਦੇਖਦੇ ਕਾਲ਼ਾ ਧੂੰਆਂ ਚਾਰੇ ਪਾਸੇ ਫੈਲਣਾ ਸ਼ੁਰੂ ਹੋ ਗਿਆ। ਉਨ੍ਹਾਂ ਤੁਰੰਤ ਫਾਇਰ ਵਿਭਾਗ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਕੁਝ ਹੀ ਦੇਰ ਵਿਚ ਫਾਇਰ ਬਿ੍ਗੇਡ ਦੀਆਂ ਤਿੰਨ ਗੱਡੀਆਂ ਘਟਨਾ ਸਥਾਨ 'ਤੇ ਪਹੁੰਚ ਗਈਆਂ। ਪੌਣੇ ਘੰਟੇ ਬਾਅਦ ਫਾਇਰ ਫਾਈਟਰਸ ਨੇ ਅੱਗ 'ਤੇ ਕਾਬੂ ਪਾ ਲਿਆ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਬੱਸ ਅੱਡਾ ਪੁਲਿਸ ਚੌਕੀ ਦੇ ਬਾਹਰ ਪਈ ਕੋਰਟ ਪ੍ਰਰਾਪਰਟੀ ਨੂੰ ਵੀ ਅੱਗ ਲੱਗ ਗਈ ਸੀ। ਉਕਤ ਮਾਮਲੇ ਵਿਚ ਵੀ ਪੁਲਿਸ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਉਣ ਵਿਚ ਜੁਟੀ ਹੈ।