ਜੱਜ ਜਸਬੀਰ ਸਿੰਘ ਦੀ ਅਦਾਲਤ ਨੇ 54 ਲੱਖ ਦੇ ਚੈੱਕ ਬਾਊਂਂਸ ਦੇ ਛੇ ਮਾਮਲਿਆਂ ਵਿਚ ਸੁੱਚਾ ਸਿੰਘ ਤੇ ਉਸ ਦੇ ਪੁੱਤਰ ਮਨਜਿੰਦਰ ਸਿੰਘ ਨੂੰ ਬਰੀ ਕਰ ਦਿੱਤਾ। ਹੁਣ ਦੋਸ਼ੀ ਧਿਰ ਨੂੰ ਕਿਸੇ ਪੈਸੇ ਦਾ ਭੁਗਤਾਨ ਨਹੀਂ ਕਰਨਾ ਹੋਵੇਗਾ ਕਿਉਂਕਿ ਸ਼ਿਕਾਇਤਕਰਤਾ ਧਿਰ ਦੀਆਂ ਛੇ ਕਹਾਣੀਆਂ ਅਦਾਲਤ ਵਿਚ ਉਲਟੀਆਂ ਪੈ ਗਈਆਂ। ਮੁਲਜ਼ਮਾਂ ਦੇ ਵਕੀਲ ਮਾਨਿਕ ਬਜਾਜ ਅਤੇ ਮਨੀਸ਼ ਬਜਾਜ ਨੇ ਦੱਸਿਆ ਕਿ ਅਦਾਲਤ ਵਿਚ ਸਾਬਤ ਹੋ ਗਿਆ ਕਿ ਛੇ ਚੈੱਕ ਇਕ ਮਹੀਨੇ ਵਿਚ ਹੀ ਦਰਜ ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਚੈੱਕ ਬਾਊਂਸ ਦੇ ਉਕਤ ਸਾਰੇ ਕੇਸ ਦਰਜ ਕਰਨ ਵਾਲੇ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਖੁਦ ਅਤੇ ਉਸ ਦੇ ਉਸ ਦੇ ਕਰੀਬੀ ਹੀ ਸਨ।

ਉਧਰ ਅਦਾਲਤ ਵੱਲੋਂ ਵੱਡੀ ਰਾਹਤ ਮਿਲਣ ਤੋਂ ਬਾਅਦ ਸੁਲਤਾਨਵਿੰਡ ਰੋਡ ਵਾਸੀ ਸੁੱਚਾ ਸਿੰਘ, ਉਸ ਦੇ ਪੁੱਤਰ ਮਨਜਿੰਦਰ ਸਿੰਘ ਦੇ ਵਕੀਲ ਮਨੀਸ਼ ਬਜਾਜ ਨੇ ਦੱਸਿਆ ਕਿ ਉਹ ਚਾਰਾਂ ਸ਼ਿਕਾਇਤਕਰਤਾਵਾਂ (ਬਿਕਰਮਜੀਤ ਸਿੰਘ, ਸੁਖਵੰਤ ਸਿੰਘ, ਬਲਦੇਵ ਸਿੰਘ ਅਤੇ ਮਨਪ੫ੀਤ ਸਿੰਘ) ਖ਼ਿਲਾਫ਼ ਬੇਇੱਜ਼ਤੀ ਤੇ ਮੁਆਵਜ਼ੇ ਦੇ ਕੇਸ ਦਰਜ ਕਰਵਾਉਣਗੇ।

ਇਹ ਹੈ ਮਾਮਲਾ

ਸੁਲਤਾਨਵਿੰਡ ਰੋਡ ਵਾਸੀ ਬਿਕਰਮਜੀਤ ਸਿੰਘ ਨੇ ਸੁੱਚਾ ਸਿੰਘ ਖ਼ਿਲਾਫ਼ 13 ਲੱਖ ਰੁਪਏ ਅਤੇ ਮਨਜਿੰਦਰ ਸਿੰਘ ਖ਼ਿਲਾਫ਼ ਚਾਰ ਲੱਖ ਰੁਪਏ ਦਾ ਚੈੱਕ ਬਾਊਂਂਸ ਹੋਣ 'ਤੇ ਕੇਸ ਦਰਜ ਕਰਵਾਇਆ ਸੀ। ਇਸੇ ਤਰ੍ਹਾਂ ਸੁਖਵੰਤ ਸਿੰਘ ਨੇ ਮਨਜਿੰਦਰ ਸਿੰਘ ਖ਼ਿਲਾਫ਼ ਅੱਠ ਲੱਖ ਤੇ ਚਾਰ ਲੱਖ ਰੁਪਏ ਦਾ ਚੈੱਕ ਬਾਊਂਸ ਹੋਣ 'ਤੇ ਅਦਾਲਤ ਵਿਚ ਰਿੱਟ ਦਰਜ ਕੀਤੀ ਸੀ। ਚਾਟੀਵਿੰਡ ਵਾਸੀ ਬਲਦੇਵ ਸਿੰਘ ਨੇ ਸੁੱਚਾ ਸਿੰਘ ਖ਼ਿਲਾਫ਼ 12 ਲੱਖ ਰੁਪਏ ਦਾ ਚੈੱਕ ਬਾਊਂਸ ਹੋਣ 'ਤੇ ਕੇਸ ਦਰਜ ਕੀਤਾ ਸੀ। ਮਨਪ੫ੀਤ ਸਿੰਘ ਨੇ ਵੀ ਮਨਜਿੰਦਰ ਸਿੰਘ ਖ਼ਿਲਾਫ਼ 15 ਲੱਖ ਰੁਪਏ ਦਾ ਚੈੱਕ ਬਾਊਂਸ ਦਾ ਕੇਸ ਦਰਜ ਕੀਤਾ ਸੀ। ਉਕਤ ਸਾਰੇ ਛੇ ਮਾਮਲੇ ਅਗਸਤ 2014 ਵਿਚ ਉਕਤ ਚਾਰਾਂ ਸ਼ਿਕਾਇਤਕਰਤਾਵਾਂ ਨੇ ਅਦਾਲਤ ਵਿਚ ਦਰਜ ਕੀਤੇ ਸਨ। ਚਾਰਾਂ ਦਾ ਕਹਿਣਾ ਸੀ ਕਿ ਦੋਵੇਂ ਮੁਲਜ਼ਮ ਪਿਓ-ਪੁੱਤ ਨੇ ਉਨ੍ਹਾਂ ਨੂੰ ਪਰਸਨਲ ਕਰਜ਼ੇ ਲਈ ਉਕਤ ਰਾਸ਼ੀ ਲਈ ਸੀ ਅਤੇ ਪੈਸਿਆਂ ਦਾ ਭੁਗਤਾਨ ਨਹੀਂ ਕੀਤਾ ।

ਕਾਰੋਬਾਰ 'ਚ ਭਾਈਵਾਲ ਸਨ ਸੁੱਚਾ ਸਿੰਘ ਤੇ ਮਨਜਿੰਦਰ ਸਿੰਘ

ਵਕੀਲ ਮਨੀਸ਼ ਬਜਾਜ ਨੇ ਦੱਸਿਆ ਕਿ ਮੁਲਜ਼ਮ ਪੱਖ ਨੇ ਕਿਸੇ ਤਰ੍ਹਾਂ ਦਾ ਕਰਜ਼ਾ ਨਹੀਂ ਲਿਆ ਸੀ। ਸੁੱਚਾ ਸਿੰਘ ਤੇ ਉਸ ਦੇ ਪੁੱਤਰ ਮਨਜਿੰਦਰ ਸਿੰਘ ਦਾ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਨਾਲ ਸਾਂਝਾ ਕਾਰੋਬਾਰ ਸੀ। ਕੁਝ ਸਾਲ ਪਹਿਲਾਂ ਦੋਵਾਂ ਧਿਰਾਂ ਵਿਚ ਵਿਵਾਦ ਹੋ ਗਿਆ ਸੀ ਤੇ ਕਾਰੋਬਾਰ ਖ਼ਤਮ ਹੋ ਗਿਆ। ਦੋਸ਼ ਹੈ ਕਿ ਇਸ ਦੌਰਾਨ ਪਿਓ-ਪੁੱਤ ਦੇ ਚੈੱਕ ਬਿਕਰਮਜੀਤ ਕੋਲ ਰਹਿ ਗਏ ਸਨ। ਮੌਕਾ ਪਾ ਕੇ ਉਕਤ ਚੈੱਕਾਂ ਦਾ ਇਸਤੇਮਾਲ ਉਕਤ ਸ਼ਿਕਾਇਤਕਰਤਾਵਾਂ ਨੇ ਇਸ ਤਰ੍ਹਾਂ ਕਰ ਲਿਆ।