ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੋਰੋਨਾ ਕਾਰਨ ਸਥਿਤੀ ਸਪੱਸ਼ਟ ਨਾ ਕਰਨ ’ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਦੇ ਸਮਾਗਮਾਂ ਦੀ ਤਿਆਰੀ ਪ੍ਰਭਾਵਿਤ ਹੋ ਰਹੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 29,30 ਅਪ੍ਰੈਲ ਅਤੇ 1 ਮਈ ਨੂੰ ਸ਼ਤਾਬਦੀ ਸਮਾਗਮ ਹੋਣਗੇ। ਸਿੱਖ ਇਤਿਹਾਸ ਨਾਲ ਸਬੰਧਤ ਆਉਂਦੀਆਂ ਸ਼ਤਾਬਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਮਨਾਈਆਂ ਜਾਂਦੀਆਂ ਹਨ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵੀ ਸ਼੍ਰੋਮਣੀ ਕਮੇਟੀ ਵੱਲੋਂ ਮਨਾਈ ਜਾ ਰਹੀ ਹੈ। ਬੀਬੀ ਜਗੀਰ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 29, 30 ਅਪ੍ਰੈਲ ਅਤੇ 1 ਮਈ ਨੂੰ ਸ਼ਤਾਬਦੀ ਸਮਾਗਮ ਹੋਣਗੇ।

ਬੀਬੀ ਜਗੀਰ ਕੌਰ ਨੇ ਪਿਛਲੇ ਦਿਨੀਂ ਸ਼ਤਾਬਦੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੀਟਿੰਗ ਬਾਰੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਦੇ ਮੁਖੀ ਹੋਣ ਦੇ ਨਾਤੇ ਕੁਝ ਸੁਝਾਅ ਦਿੱਤੇ ਹਨ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਤਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ। ਗੁਰੂ ਨਾਨਕ ਸਾਹਿਬ ਤੋਂ ਬਾਅਦ ਨੌਵੇਂ ਪਾਤਸ਼ਾਹ ਨੇ ਲੰਬੀ ਯਾਤਰਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਗੁਰੂ ਸਾਹਿਬ ਨਾਲ ਸਬੰਧਤ ਅਸਥਾਨਾਂ ’ਤੇ ਯਾਦਗਾਰਾਂ ਸਥਾਪਤ

ਕੀਤੀਆਂ ਜਾਣ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਧਰਮ ਦੀ ਆਜ਼ਾਦੀ, ਸੈਹੋਂਦ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸੀ। ਇਸ ਲਈ ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਕੋਈ ਢੁੱਕਵੀਂ ਯਾਦਗਾਰ ਉਸਾਰੀ ਜਾਵੇ ਜੋ ਦੁਨੀਆਂ ’ਚ ਮਿਸਾਲ ਹੋਵੇ, ਜਿਸ ਤੋਂ ਆਉਣ ਵਾਲੀਆਂ ਪੀੜੀਆਂ ਸੇਧ ਪ੍ਰਾਪਤ ਕਰ ਸਕਣ। ਉਨ੍ਹਾਂ ਭਾਰਤ ਸਰਕਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਮ ’ਤੇ ਯੂਐੱਨਓ ਦੀ ਤਰਜ ’ਤੇ ਇਕ ਵਿਸ਼ਵ ਪੱਧਰ ਦਾ ਵਿਸ਼ਵ ਸ਼ਾਂਤੀ ਕੇਂਦਰ ਸਥਾਪਤ ਕਰਨ ਦਾ ਸੁਝਾਅ ਵੀ ਦਿੱਤਾ ਤਾਂ ਜੋ ਵਿਸ਼ਵ ਨੂੰ ਸਾਂਝੀਵਾਲਤਾ ਵੱਲ ਮੋੜਿਆ ਜਾ ਸਕੇ।

ਪ੍ਰਧਾਨ ਮੰਤਰੀ ਜੀ ਨੂੰ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸਬੰਧਤ ਇਕ ਪਾਠ (ਚੈਪਟਰ) ਪੂਰੇ ਭਾਰਤ ਦੇ ਸਕੂਲ ਬੋਰਡ, ਖਾਸ ਤੌਰ ’ਤੇ ਐੱਨਸੀਈਆਰਟੀ ’ਚ ਸ਼ਾਮਲ ਕਰਵਾਉਣ ਲਈ ਕਿਹਾ ਗਿਆ। ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚੈਪਟਰਾਂ ’ਚ ਪਾਏ ਜਾਂਦੇ ਮਤਭੇਦਾਂ ਤੋਂ ਬਚਣ ਲਈ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਇਨ੍ਹਾਂ ਦੀ ਘੋਖ ਕਰਨ ਵਾਲੀ ਕਮੇਟੀ ’ਚ ਹਮੇਸ਼ਾ ਲਈ ਸ਼ਾਮਲ ਕੀਤਾ ਜਾਵੇ ਤਾਂ ਜੋ ਸਿੱਖ ਫਲਸਫੇ ਅਤੇ ਇਤਿਹਾਸ ਦੀ ਸਪੱਸ਼ਟ ਜਾਣਕਾਰੀ ਵਿਦਿਆਰਥੀਆਂ ਤਕ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਅਨੁਵਾਦ ਭਾਰਤ ਦੀਆਂ ਸਾਰੀਆਂ ਭਸ਼ਾਵਾਂ ’ਚ ਕਰਵਾਉਣ ਦੀ ਅਪੀਲ ਵੀ ਕੀਤੀ। ਨੌਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਮਨੁੱਖੀ ਹੱਕਾਂ ਦਾ ਇਕ ਦਿਨ ਐਲਾਨ ਕਰਨ ਅਤੇ ਇਸ ਬਾਰੇ ਯੂਐੱਨਓ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਲਈ ਲਿਖਿਆ ਜਾਵੇ।

ਉਨ੍ਹਾਂ ਕਿਹਾ ਕਿ ਲੋਕਾਂ ਤੇ ਲੋਕ ਨੁਮਾਇੰਦਿਆਂ ਤਕ ਗੱਲ ਪਹੁੰਚਾਉਣ ਲਈ ਯੂਐੱਨਓ ’ਚ ਸਿੱਖ ਨੁਮਾਇੰਦਾ ਸ਼ਾਮਲ ਕਰਨ ਲਈ ਯਤਨ ਕੀਤੇ ਜਾਣ ਬਾਰੇ ਵੀ ਅਪੀਲ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਜੀ ਨੂੰ ਕੋਵਿਡ ਕਾਰਨ ਕਰਤਾਰਪੁਰ ਸਾਹਿਬ ਦਾ ਬੰਦ ਹੋਇਆ ਲਾਂਘਾ ਦੁਬਾਰਾ ਖੋਲ੍ਹਣ ਦੀ ਅਪੀਲ ਵੀ ਕੀਤੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸਰਕਾਰ ਨੂੰ ਨੌਵੇਂ ਪਾਤਸ਼ਾਹ ਜੀ ਦੀ ਪ੍ਰਕਾਸ਼ ਸ਼ਤਾਬਦੀ ਸਬੰਧੀ ਸਿੱਕਾ, ਇਨਵੈਲਪ, ਡਾਕ ਟਿਕਟ ਜਾਰੀ ਕਰਨ ਲਈ ਕਿਹਾ ਗਿਆ ਸੀ, ਜਿਸ ਸਬੰਧੀ ਡਿਜ਼ਾਈਨ ਭੇਜ ਦਿੱਤੇ ਗਏ ਹਨ।

ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਸਬੰਧੀ ਜਲਦ ਹੀ ਇਕ ਵਫ਼ਦ ਦੇ ਰੂਪ ’ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਮੌਕੇ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ, ਕੁਲਵਿੰਦਰ ਸਿੰਘ ਰਮਦਾਸ, ਮਲਕੀਤ ਸਿੰਘ ਬਹਿਲਵਾੜ ਆਦਿ ਮੌਜੂਦ ਸਨ।

Posted By: Jagjit Singh