ਅਮਨਦੀਪ ਸਿੰਘ, ਅੰਮਿ੍ਤਸਰ

ਕੋਰੋਨਾ ਵਾਇਰਸ ਨੇ ਜਿੱਥੇ ਹਰ ਵਰਗ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਨਾਲ ਬਾਲੀਵੁੱਡ-ਪਾਲੀਵੁੱਡ ਫਿਲਮਾਂ ਦਾ ਸ਼ਡਿਊਲ ਵੀ ਵਿਗਾੜ ਦਿੱਤਾ ਹੈ। ਇਹੀ ਕਾਰਨ ਹੁਣ ਤੱਕ ਕਈ ਨਵੀਆਂ ਫਿਲਮਾਂ ਰਿਲੀਜ਼ ਨਹੀਂ ਹੋ ਰਹੀਆਂ ਅਤੇ ਕੁਝ ਫਿਲਮਾਂ ਦੀ ਤਾਂ ਸ਼ੂਟਿੰਗ ਹੀ ਮੁਕੰਮਲ ਨਹੀਂ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲੀਵੁੱਡ ਅਦਾਕਾਰ ਅਰਵਿੰਦਰ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਿੰਨ ਫਿਲਮਾਂ ਦੀ ਸ਼ੂਟਿੰਗ ਕੋਰੋਨਾ ਕਾਰਨ ਕਈ ਵਾਰ ਮੁਲਤਵੀ ਕੀਤੀ ਗਈ ਹੈ। ਇਹ ਤਿੰਨੇ ਫਿਲਮਾਂ ਬਾਲੀਵੁੱਡ ਦੀਆਂ ਹਨ, ਜਿਨ੍ਹਾਂ ਵਿਚੋਂ ਇਕ ਫਿਲਮ ਸਰਦਾਰ ਕਾ ਗਰੈਂਡ ਸੰਨ ਫਿਲਹਾਲ ਮੁਕੰਮਲ ਕਰਦਿਆਂ ਅਗਲੇ ਮਹੀਨੇ ਤੱਕ ਆਨਲਾਈਨ ਰਿਲੀਜ਼ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਦੀਆਂ ਹਦਾਇਤ ਅਨੁਸਾਰ ਪਹਿਲਾਂ ਤਾਂ ਸਿਨੇਮਾ ਘਰ ਵੀ ਬੰਦ ਹੋਣ ਕਾਰਨ ਅਤੇ ਫਿਰ ਦਰਸ਼ਕਾਂ ਦੀ ਗਿਣਤੀ ਨਾਮਾਤਰ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਾਲੀਵੁੱਡ ਅਦਾਕਾਰ ਅਮੀਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ, ਅਦਾਕਾਰ ਅਜੇ ਦੇਵਗਨ ਦੀ ਮੈਦਾਨ ਫਿਲਮਾਂ ਵਿਚ ਉਨ੍ਹਾਂ ਦਾ ਮਹੱਤਵਪੂਰਨ ਕਿਰਦਾਰ ਹੈ। ਉਕਤ ਤਿੰਨਾਂ ਫਿਲਮਾਂ ਦੀ ਸ਼ੂਟਿੰਗ ਲਈ ਉਨ੍ਹਾਂ ਨੂੰ ਤਿੰਨ ਵਾਰ ਏਅਰ ਟਿਕਟ ਵੀ ਆ ਚੁੱਕੀਆਂ ਸਨ ਅਤੇ ਮੁੰਬਈ ਜਾਣ ਤੋਂ ਐਨ ਇਕ-ਦੋ ਦਿਨ ਪਹਿਲਾਂ ਹੀ ਕੋਰੋਨਾ ਕਾਰਨ ਸ਼ੂਟਿੰਗ ਮੁਲਤਵੀ ਹੋਣ ਬਾਰੇ ਸੂਚਨਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਕਈ ਵਾਰ ਕਲਾਕਾਰਾਂ ਨੂੰ ਮਾਨਸਿਕ ਤਣਾਅ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਡੇਢ ਸਾਲ ਤੋਂ ਸਿਨੇਮਾ ਘਰ ਅਤੇ ਥੀਏਟਰ ਬੰਦ ਹੋਣ ਕਾਰਨ ਕਲਾਕਾਰ ਆਰਥਿਕ ਪੱਖੋਂ ਵੀ ਪ੍ਰਭਾਵਿਤ ਹੋਏ ਹਨ ਅਤੇ ਉਥੇ ਹੀ ਇਸ ਕਿੱਤੇ ਨਾਲ ਜੁੜੇ ਹੋਣ ਲੋਕਾਂ ਦੀ ਰੋਜ਼ੀ-ਰੋਟੀ ਵੀ ਪ੍ਰਭਾਵਿਤ ਹੋਈ ਹੈ।

ਬਾਕਸ

ਇਸ ਤਰ੍ਹਾਂ ਬਦਲੀਆਂ ਸ਼ੂਟਿੰਗ ਦੀਆਂ ਤਰੀਕਾਂ

ਅਰਵਿੰਦਰ ਭੱਟੀ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦੀ ਫਿਲਮਾਂ ਦੀ ਸ਼ੂਟਿੰਗ ਡੇਟਾਂ ਲਗਾਤਾਰ ਅੱਗੇ-ਪਿੱਛੇ ਹੁੰਦੀਆਂ ਆ ਰਹੀਆਂ ਹਨ। ਜਿਵੇਂ ਕਿ ਪਹਿਲਾਂ 9 ਫਰਵਰੀ ਤੋਂ 17 ਫਰਵਰੀ 2021, ਫਿਰ 12 ਫਰਵਰੀ ਤੋਂ 17 ਫਰਵਰੀ, 17 ਤੋਂ 19 ਫਰਵਰੀ, 2 ਮਾਰਚ ਤੋਂ 8 ਮਾਰਚ, 11 ਤੋਂ 13 ਅਪ੍ਰਰੈਲ, 16 ਅਪ੍ਰਰੈਲ ਤੋਂ 24 ਅਪ੍ਰਰੈਲ, 16 ਅਪ੍ਰਰੈਲ ਤੋਂ 13 ਮਈ ਤਰੀਕਾਂ ਬਦਲਦੀਆਂ ਰਹੀਆਂ ਹਨ, ਪਰ ਫਿਲਮਾਂ ਦੀ ਸ਼ੂਟਿੰਗਾਂ ਕੋਰੋਨਾ ਮਹਾਮਾਰੀ ਕਾਰਨ ਫਿਰ ਵੀ ਅੱਧ ਵਿਚਾਲੇ ਲਟਕੀਆਂ ਹਨ।

ਬਾਕਸ

ਅਰਜੁਨ ਕਪੂਰ ਦੇ ਚਾਚਾ ਬਣੇ ਭੱਟੀ

ਸਰਦਾਰ ਕਾ ਗਰੈਂਡ ਸੰਨ ਵਿਚ ਅਦਾਕਾਰ ਅਰਵਿੰਦਰ ਭੱਟੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਦੇ ਚਾਚਾ ਦਾ ਕਿਰਦਾਰ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਫਿਲਮ ਨੂੰ ਆਨਲਾਈਨ ਅਗਲੇ ਮਹੀਨੇ ਤੱਕ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਉਨ੍ਹਾਂ ਦੀ ਸ਼ੂਟਿੰਗ ਦਾ ਕੁਝ ਹਿੱਸਾ ਹਾਲੇ ਸ਼ੂਟ ਹੋਣ ਵਾਲਾ ਸੀ, ਪਰ ਕੋਰੋਨਾ ਕਾਰਨ ਇਸ ਨੂੰ ਇਥੇ ਹੀ ਮੁਕੰਮਲ ਕਰਦਿਆਂ ਅਗਲੇ ਮਹੀਨੇ ਤੱਕ ਰਿਲੀਜ਼ ਕੀਤਾ ਜਾ ਰਿਹਾ ਹੈ।