ਜੇਐੱਨਐੱਨ, ਅੰਮਿ੍ਤਸਰ : ਸਿਹਤ ਵਿਭਾਗ ਕੋਰੋਨਾ ਵਾਇਰਸ ਨਾਲ ਹੋਈਆਂ ਮੌਤਾਂ ਦਾ ਰੀਵਿਊ ਕਰਨ ਵਿਚ ਡਟਿਆ ਹੈ। 90 ਫੀਸਦੀ ਮੌਤਾਂ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ। ਅੰਮਿ੍ਤਸਰ ਵਿਚ ਕੋਰੋਨਾ ਪਾਜ਼ੇਟਿਵ 739 ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ਵਿਚ 90 ਫੀਸਦੀ ਯਾਨੀ ਤਕਰੀਬਨ 600 ਮੌਤਾਂ ਦੀ ਪੜਤਾਲ ਵਿਚ ਇਹ ਸਾਹਮਣੇ ਆਇਆ ਹੈ ਕਿ ਕੋਰੋਨਾ ਵਾਇਰਸ ਦੇ ਨਾਲ ਇਹ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਸਨ। ਇਨ੍ਹਾਂ ਵਿਚ ਜ਼ਿਆਦਾਤਰ ਉਹ ਸਨ ਜੋ ਕਰੋਨਿਕ ਡਿਜੀਜ਼ ਜਿਵੇਂ ਕਿਡਨੀ ਰੋਗ, ਲਿਵਰ ਰੋਗ, ਹਾਰਟ ਰੋਗ ਤੋਂ ਪੀੜਤ ਸਨ ਅਤੇ ਕੋਰੋਨਾ ਦੀ ਲਪੇਟ ਵਿਚ ਆਏ। ਕੋਰੋਨਾ ਪੀੜਤ ਹੋਣ ਦੇ ਬਾਵਜੂਦ ਜ਼ਿਆਦਾਤਰ ਲੋਕਾਂ ਨੇ ਸਮੇਂ 'ਤੇ ਆਪਣਾ ਟੈਸਟ ਨਹੀਂ ਕਰਵਾਇਆ। ਜਦੋਂ ਹਾਲਤ ਵਿਗੜਨ ਲੱਗੀ ਤਾਂ ਗੰਭੀਰ ਲੱਛਣਾਂ ਦੇ ਨਾਲ ਇਨ੍ਹਾਂ ਨੂੰ ਹਸਪਤਾਲ ਤਕ ਪਹੁੰਚਾਇਆ ਤੇ ਕੋਰੋਨਾ ਪੀੜਤ ਬਿਮਾਰੀਆਂ 'ਤੇ ਹਾਵੀ ਹੋ ਗਿਆ। ਕੋਰੋਨਾ ਇਨ੍ਹਾਂ ਦੇ ਫੇਫੜਿਆਂ ਤਕ ਪਹੁੰਚ ਚੁੱਕਿਆ ਸੀ। ਮਲਟੀਪਲ ਆਰਗਨ ਯਾਨੀ ਸਰੀਰ ਦੇ ਕਈ ਅੰਦਰੂਨੀ ਅੰਗ ਖਰਾਬ ਹੋਣ ਨਾਲ ਇਨ੍ਹਾਂ ਦੀ ਮੌਤ ਹੋਈ। ਦਰਅਸਲ, ਡੈੱਥ ਰੀਵਿਊ ਲਈ ਪੀਸੀਐੱਸ ਅਫਸਰ ਡਾ. ਓਬਰਾਏ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਟੀਮ ਕੰਮ ਕਰ ਰਹੀ ਹੈ। 90 ਫੀਸਦ ਮੌਤਾਂ ਦੇ ਰੀਵਿਊ ਵਿਚ ਇਹ ਸੱਚਾਈ ਸਾਫ਼ ਹੈ ਕਿ ਕੋਰੋਨਾ ਤਾਂ ਸੀ ਪਰ ਮੌਤ ਦੀ ਵਜ੍ਹਾ ਸਿਰਫ ਕੋਰੋਨਾ ਨਹੀਂ। ਕੋਰੋਨਾ ਨੂੰ ਸਮੇਂ 'ਤੇ ਡਾਇਗਨੋਜ਼ ਨਾ ਕਰਵਾਉਣ ਨਾਲ ਉਹ ਮੌਤ ਦੇ ਆਗੋਸ਼ ਵਿਚ ਸਮਾ ਗਏ। ਖਾਂਸੀ-ਜ਼ੁਕਾਮ ਹੋਣ 'ਤੇ ਇਨ੍ਹਾਂ ਨੇ ਕੈਮਿਸਟ ਜਾਂ ਨਜ਼ਦੀਕੀ ਡਾਕਟਰ ਤੋਂ ਦਵਾਈ ਲਈ ਪਰ ਕੋਵਿਡ ਟੈਸਟ ਨਹੀਂ ਕਰਵਾਇਆ। ਕੋਰੋਨਾ ਵਾਇਰਸ ਇਨ੍ਹਾਂ ਦੇ ਸਰੀਰ ਵਿਚ ਪਹਿਲਾਂ ਤੋਂ ਸ਼ਾਮਲ ਬਿਮਾਰੀਆਂ ਵਿਚ ਕੰਟਰੀਬਿਊਟ ਕਰਨ ਲੱਗਾ। ਜੇਕਰ ਜਲਦੀ ਸਿਹਤ ਕੇਂਦਰ ਵਿਚ ਜਾਂਦੇ ਤਾਂ ਠੀਕ ਹੋ ਸਕਦੇ ਸਨ। ਅੱਜ ਵੀ ਲੋਕ ਜਾਗਰੂਕ ਨਹੀਂ ਹਨ। ਜ਼ਿਲ੍ਹੇ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਬਣਾਈਆਂ ਗਈਆਂ ਕੋਰੋਨਾ ਵਾਰਡਾਂ ਵਿਚ ਸਿਰਫ 39 ਫ਼ੀਸਦੀ ਬੈੱਡਾਂ 'ਤੇ ਹੀ ਕੋਰੋਨਾ ਮਰੀਜ਼ ਦਾਖਲ ਹਨ। ਯਾਨੀ ਗੰਭੀਰ ਬਿਮਾਰੀਆਂ ਤੋਂ ਪੀੜਤ ਸਮੇਂ 'ਤੇ ਕੋਰੋਨਾ ਟੈਸਟ ਕਰਵਾਉਣ ਤਾਂ ਉਨ੍ਹਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ।

ਕੋਰੋਨਾ ਪੀੜਤ ਹੋਣ ਤੋਂ ਬਾਅਦ ਤੰਦਰੁਸਤ ਹੋਏ ਲੋਕ ਵੀ ਲਾਪਰਵਾਹੀ ਦਾ ਪ੍ਰਮਾਣ ਦੇ ਰਹੇ ਹਨ। ਸ਼ੱਕ ਹੈ ਤੰਦਰੁਸਤ ਹੋਏ ਲੋਕਾਂ ਵਿਚ ਕੋਰੋਨਾ ਨਾਲ ਲੜਨ ਦੀ ਰੋਗ ਰੋਕਣ ਵਾਲੀ ਸਮਰੱਥਾ ਵਿਕਸਿਤ ਹੋ ਚੁੱਕੀ ਹੈ ਪਰ ਇਹ ਸਮਰੱਥਾ ਕਿਸੇ ਵਿਚ ਜ਼ਿਆਦਾ ਤਾਂ ਕਿਸੇ ਵਿਚ ਬੇਹੱਦ ਘੱਟ ਹੁੰਦੀ ਹੈ। ਉਦਾਹਰਣ ਦੇ ਤੌਰ 'ਤੇ 50 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿਚ ਇਹ ਸਮਰੱਥਾ ਉੱਚ ਪੱਧਰ 'ਤੇ ਨਹੀਂ ਹੁੰਦੀ। ਅਜਿਹੇ ਵਿਚ ਕੋਰੋਨਾ-ਮੁਕਤ ਹੋਏ ਲੋਕ ਦੁਬਾਰਾ ਪੀੜਤ ਹੋ ਸਕਦੇ ਹਨ, ਹੋ ਵੀ ਰਹੇ ਹਨ। ਹੁਣ ਇਹ ਜ਼ਰੂਰੀ ਹੈ ਕਿ ਕੋਰੋਨਾ ਮੁਕਤ ਹੋਏ ਲੋਕ ਆਪਣਾ ਐਂਟੀ ਬਾਡੀ ਟੈਸਟ ਜ਼ਰੂਰ ਕਰਵਾਉਣ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਦੇ ਸਰੀਰ ਵਿਚ ਰੋਗ ਰੋਕਣ ਵਾਲੀ ਸਮੱਰਥਾ ਕਿੰਨੀ ਹੈ।

ਕੋਰੋਨਾ ਦੀ ਰਫਤਾਰ ਦੇ ਨਾਲ ਹੀ ਸਿਹਤ ਵਿਭਾਗ ਟੀਕਾਕਰਨ ਵਿਚ ਵੀ ਤੇਜ਼ੀ ਲਿਆ ਰਿਹਾ ਹੈ। ਜ਼ਿਲ੍ਹੇ ਵਿਚ 320 ਟੀਕਾਕਰਨ ਸੈਂਟਰ ਕੰਮ ਨਾਲ ਸਬੰਧਤ ਕੀਤੇ ਗਏ ਹਨ। ਇੱਥੇ ਅਗਲੇ ਹਫ਼ਤੇ ਤੋਂ ਰੋਜ਼ਾਨਾ 18000 ਲੋਕਾਂ ਦਾ ਟੀਕਾਕਰਨ ਕੀਤਾ ਜਾਵੇਗਾ।

ਸਿਹਤ ਵਿਭਾਗ ਨੇ ਟੀਕਾਕਰਨ ਨੂੰ ਹੋਰ ਤੇਜ਼ ਕਰਨ ਲਈ ਮੋਬਾਈਲ ਵੈਕਸੀਨ ਵੈਨ ਦੀ ਸ਼ੁਰੂਆਤ ਕੀਤੀ ਹੈ। ਡਾ. ਚਰਨਜੀਤ ਸਿੰਘ ਅਨੁਸਾਰ ਇਹ ਮੋਬਾਈਲ ਵੈਨ ਉੱਥੇ ਜਾਵੇਗੀ, ਜਿੱਥੇ 200 ਤੋਂ ਜ਼ਿਆਦਾ ਲੋਕ ਟੀਕਾਕਰਨ ਨੂੰ ਤਿਆਰ ਹੋਣਗੇ। ਐੱਸਡੀਐੱਮ ਦਫ਼ਤਰ ਅਤੇ ਪਾਵਰਕਾਮ ਦੇ ਮੁਲਾਜ਼ਮਾਂ ਦਾ ਟੀਕਾਕਰਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਕਟੜਾ ਸ਼ੇਰ ਸਿੰਘ ਅਤੇ ਸ਼੍ਰੀ ਦੁਰਗਿਆਣਾ ਤੀਰਥ ਵਿਚ ਮੋਬਾਈਲ ਵੈਨ ਜਾਵੇਗੀ।

ਬਾਕਸ

ਕੋਰੋਨਾ ਮਰੀਜ਼ਾਂ ਲਈ 1202 ਬੈੱਡ ਰਾਖਵੇਂ

ਕੋਰੋਨਾ ਵਾਇਰਸ ਦੀ ਵਧਦੀ ਦਰ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਜ਼ਿਲ੍ਹੇ ਦੇ ਵੱਖਰੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ 1202 ਬੈੱਡ ਰਾਖਵੇਂ ਕਰ ਦਿੱਤੇ ਹਨ। ਇਨ੍ਹਾਂ ਵਿਚ 771 ਲੈਵਲ ਟੂ ਅਤੇ 441 ਲੇਵਲ ਥ੍ਰੀ ਬੈੱਡ ਹਨ। ਗੁਰੂ ਨਾਨਕ ਦੇਵ ਹਸਪਤਾਲ ਵਿਚ ਹੀ 350 ਬੈੱਡ ਹਨ। ਇਨ੍ਹਾਂ ਤੋਂ ਇਲਾਵਾ ਫੋਰਟਿਸ, ਈਐੱਮਸੀ, ਕਾਰਪੋਰੇਟ ਅਤੇ ਅਪੈਕਸ ਵਿਚ ਵੀ ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਸਿਵਲ ਸਰਜਨ ਡਾ. ਚਰਨਜੀਤ ਸਿੰਘ ਅਨੁਸਾਰ ਲੋਕ ਮਾਸਕ ਨਹੀਂ ਪਹਿਨ ਰਹੇ। ਇਸ ਨਾਲ ਕੋਰੋਨਾ ਦਾ ਪਾਸਾਰ ਤੇਜ਼ੀ ਨਾਲ ਹੋ ਰਿਹਾ ਹੈ।