ਜੇਐੱਨਐੱਨ, ਤਰਨਤਾਰਨ: ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਭਿੱਖੀਵਿੰਡ ਕਤਲ ਕਾਂਡ ਵਿਚ ਗਿ੍ਰਫਤਾਰ ਕੀਤੇ ਸ਼ੂਟਰ ਗੁਰਜੀਤ ਭਾਅ, ਸੁਖਦੀਪ ਭੂਰਾ ਤੇ ਤਿੰਨ ਕਸ਼ਮੀਰੀਆਂ ਸ਼ੱਬੀਰ ਅਹਿਮਦ, ਯੁਸੁਫ਼ ਪਠਾਨ, ਰਿਆਜ਼ ਰਾਠੇਰ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੰਜ ਦਿਨਾਂ ਦਾ ਹੋਰ ਰਿਮਾਂਡ ਲਿਆ ਗਿਆ ਹੈ।

ਸੂਤਰਾਂ ਮੁਤਾਬਕ ਕਾਮਰੇਡ ਕਤਲਕਾਂਡ ਨਾਲ ਸਬੰਧਤ ਕੁਝ ਦਸਤਾਵੇਜ਼ ਪੁਲਿਸ ਦੇ ਹੱਥ ਲੱਗ ਚੁੱਕੇ ਹਨ। ਇਸ ਦੇ ਅਧਾਰ ’ਤੇ ਇਨ੍ਹਾਂ ਅਨਸਰਾਂ ਤੋਂ ਹੋਰ ਪੁੱਛ ਪੜਤਾਲ ਕਰਨ ਲਈ ਐਤਵਾਰ ਨੂੰ ਮੁੜ ਪੰਜ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ।

ਇਨ੍ਹਾਂ ਪੰਜਾਂ ਜਣਿਆਂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਮੰਗਲਵਾਰ ਨੂੰ ਲਿਆ ਕੇ ਪੱਟੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਸ ਵੇਲੇ ਅਦਾਲਤ ਨੇ ਪੰਜਾਂ ਜਣਿਆਂ ਦਾ ਰਿਮਾਂਡ ਦਿੱਤਾ ਸੀ। ਕਾਮਰੇਡ ਬਲਵਿੰਦਰ ਦੀ 16 ਅਕਤੂਬਰ ਨੂੰ ਭਿੱਖੀਵਿੰਡ ਵਿਚ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ ਸੀ। ਭਾਅ ਤੇ ਭੂਰੇ ਨੇ ਏ-ਕੈਟਾਗਰੀ ਦੇ ਗੈਂਗਸਟਰ ਸੁੱਖ ਭਿਖਾਰੀਵਾਲ ਦੇ ਇਸ਼ਾਰੇ ’ਤੇ ਇਹ ਕਤਲ ਅੰਜਾਮ ਦਿੱਤਾ ਸੀ। ਭਿਖਾਰੀਵਾਲ ਉਦੋਂ ਦੁਬਈ ਵਿਚ ਰਹਿੰਦਾ ਸੀ।

ਦੱਸਣਯੋਗ ਹੈ ਕਿ ਸਤ ਸਤੰਬਰ ਨੂੰ ਦੋਵਾਂ ਸ਼ੂਟਰਾਂ ਦੇ ਨਾਲ ਜੰਮੂ ਕਸ਼ਮੀਰ ਨਾਲ ਸਬੰਧਤ ਤਿੰਨ ਅੱਤਵਾਦੀਆਂ ਨੂੰ ਦਿੱਲੀ ਵਿਚ ਕਾਬੂ ਕੀਤਾ ਗਿਆ ਸੀ। ਫੇਰ ਅੱਠ ਅਕਤੂਬਰ ਨੂੰ ਦੁਬਈ ਦੀ ਪੁਲਿਸ ਨੇ ਭਿਖਾਰੀਵਾਲ ਨੂੁੰ ਫੜ ਲਿਆ ਸੀ ਤੇ ਡਿਪੋਰਟ ਕਰ ਕੇ ਦਿੱਲੀ ਘੱਲ ਦਿੱਤਾ ਸੀ। ਦਿੱਲੀ ਪੁਲਿਸ ਨੇ ਭਿਖਾਰੀਵਾਲ ਨੂੰ ਹਵਾਈ ਅੱਡੇ ’ਤੇ ਕਾਬੂ ਕਰ ਲਿਆ ਸੀ। ਉਹ ਹਾਲੇ ਤਾਈਂ ਪੁਲਿਸ ਰਿਮਾਂਡ ’ਤੇ ਹੈ ਤੇ ਉਥੋਂ ਟ੍ਰਾਂਜ਼ਿਟ ਰਿਮਾਂਡ ’ਤੇ ਤਰਨਤਾਰਨ ਲਿਆਂਦਾ ਜਾਵੇਗਾ।